18ਉਹ ਆਪਣਾ ਹੀ ਖ਼ੂਨ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ।
19ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ।
20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।
21ਉਹ ਬਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਆਖਦੀ ਹੈ,
22ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ?
23ਮੇਰੀ ਝਿੜਕ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ।
24ਮੈਂ ਤਾਂ ਪੁਕਾਰਿਆ ਪਰ ਤੁਸੀਂ ਨਾ ਸੁਣਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,
25ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ।
26ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈਅ ਆ ਪਵੇਗਾ ਤਾਂ ਮੈਂ ਤੁਹਾਡਾ ਮਖ਼ੌਲ ਉਡਾਵਾਂਗੀ,
27ਜਿਸ ਵੇਲੇ ਤੂਫ਼ਾਨ ਵਾਂਗੂੰ ਤੁਹਾਡੇ ਉੱਤੇ ਭੈਅ ਆ ਪਵੇਗਾ ਅਤੇ ਵਾਵਰੋਲੇ ਦੀ ਤਰ੍ਹਾਂ ਬਿਪਤਾ ਤੁਹਾਡੇ ਉੱਤੇ ਆਵੇਗੀ ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,