1ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ।
2ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਸਿਰਫ਼ ਆਪਣੇ ਹੀ ਮਨ ਦੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ।
3ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਰਾਦਰੀ ਦੇ ਨਾਲ ਸ਼ਰਮਿੰਦਗੀ ਆਉਂਦੀ ਹੈ।
4ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹਾ ਹੈ।
5ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।
6ਮੂਰਖ ਦੇ ਬੋਲ ਝਗੜਾ ਖੜ੍ਹਾ ਕਰਦੇ ਹਨ, ਅਤੇ ਆਪਣੇ ਆਪ ਨੂੰ ਮਾਰ ਖਾਣ ਦੇ ਜੋਗ ਠਹਿਰਾਉਂਦਾ ਹੈ।
7ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।
8ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।