7ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ।
8ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।
9ਆਦਮੀ ਦੇ ਮਨ ਦੇ ਵਿਚਾਰ ਉਹ ਦੇ ਰਾਹਾਂ ਨੂੰ ਠਹਿਰਾਉਂਦੇ ਹਨ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ।
10ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ।
11ਸੱਚੀ ਤੱਕੜੀ ਦੇ ਪੱਲੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।
12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਧਰਮ ਨਾਲ ਹੀ ਉਨ੍ਹਾਂ ਦੀ ਗੱਦੀ ਦਾ ਟਿਕਾਓ ਹੁੰਦਾ ਹੈ।
13ਧਰਮੀ ਦੇ ਬੋਲਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ।