14ਜਿਸ ਦਾ ਮਨ ਪਰਮੇਸ਼ੁਰ ਵੱਲੋਂ ਮੁੜ ਜਾਂਦਾ ਹੈ, ਉਹ ਆਪਣੀ ਚਾਲ ਦਾ ਫਲ ਭੋਗਦਾ ਹੈ, ਪਰ ਭਲਾ ਮਨੁੱਖ ਆਪਣੇ ਆਪ ਵਿੱਚ ਤ੍ਰਿਪਤ ਰਹਿੰਦਾ ਹੈ।
15ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਸੋਚ ਸਮਝ ਕੇ ਚੱਲਦਾ ਹੈ।
16ਬੁੱਧਵਾਨ ਸੁਚੇਤ ਹੋ ਕੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ।
17ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ।
18ਭੋਲਿਆਂ ਲੋਕਾਂ ਦੇ ਹਿੱਸੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।
19ਬੁਰੇ ਲੋਕ ਭਲਿਆਂ ਦੇ ਅੱਗੇ ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਝੁਕਦੇ ਹਨ।
20ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ।
21ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ।
22ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ।
23ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ।
24ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾ ਹੀ ਹੈ।
25ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਬਚਾ ਲੈਂਦਾ ਹੈ, ਪਰ ਧੋਖੇਬਾਜ਼ ਗਵਾਹ ਝੂਠ ਹੀ ਝੂਠ ਮਾਰਦਾ ਹੈ।
26ਯਹੋਵਾਹ ਦੇ ਭੈਅ ਮੰਨਣ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤਰਾਂ ਲਈ ਵੀ ਪਨਾਹ ਦਾ ਸਥਾਨ ਹੈ।