12ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ।
13ਲੁਤਰਾ ਮਨੁੱਖ ਦੂਜਿਆਂ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰ ਭਰੋਸੇਮੰਦ ਮਨੁੱਖ ਗੱਲ ਨੂੰ ਲੁਕੋ ਰੱਖਦਾ ਹੈ।
14ਜਿੱਥੇ ਅਗਵਾਈ ਨਹੀਂ ਹੁੰਦੀ ਉੱਥੇ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੁੰਦਾ ਹੈ।
15ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ, ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ।
16ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ।
17ਦਿਆਲੂ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ।
18ਦੁਸ਼ਟ ਝੂਠ ਦੀ ਮਜ਼ਦੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ।
19ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ।
20ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।
21ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।
22ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ, ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਣ ਹੈ।
23ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ।
24ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ।
25ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।