9ਆਪਣੇ ਵਿਅਰਥ ਜੀਵਨ ਦੇ ਸਾਰੇ ਦਿਨ, ਜੋ ਉਸ ਨੇ ਸੂਰਜ ਦੇ ਹੇਠ ਤੈਨੂੰ ਦਿੱਤੇ ਹਨ, ਆਪਣੇ ਵਿਅਰਥ ਦੇ ਸਾਰੇ ਦਿਨ, ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣ, ਕਿਉਂ ਜੋ ਜੀਵਨ ਵਿੱਚ ਅਤੇ ਸੂਰਜ ਦੇ ਹੇਠਲੇ ਕੰਮ-ਧੰਦਿਆਂ ਵਿੱਚ ਇਹੋ ਤੇਰਾ ਭਾਗ ਹੈ।
10ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ, ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ।
11ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਵੇਖਿਆ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਸਮਝ ਵਾਲਿਆਂ ਨੂੰ ਧਨ ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਹੀ ਮਿਲਦਾ ਹੈ।
12ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਪਹਿਚਾਣਦਾ, ਜਿਵੇਂ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ਼ ਵਿੱਚ ਫਸ ਜਾਂਦੀਆਂ ਹਨ ਅਤੇ ਜਿਵੇਂ ਪੰਛੀ ਜਾਲ਼ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਹੀ ਆਦਮ ਵੰਸ਼ੀ ਵੀ ਬਿਪਤਾ ਵਿੱਚ ਫਸ ਜਾਂਦੇ ਹਨ, ਜੋ ਅਚਾਨਕ ਉਹਨਾਂ ਉੱਤੇ ਆ ਪੈਂਦੀ ਹੈ।
13ਸੂਰਜ ਦੇ ਹੇਠ ਮੈਂ ਇਹ ਬੁੱਧ ਵੀ ਵੇਖੀ ਅਤੇ ਇਹ ਮੈਨੂੰ ਵੱਡੀ ਲੱਗੀ।
14ਇੱਕ ਛੋਟਾ ਜਿਹਾ ਸ਼ਹਿਰ ਸੀ ਅਤੇ ਉਹ ਦੇ ਵਿੱਚ ਥੋੜ੍ਹੇ ਜਿਹੇ ਲੋਕ ਸਨ। ਉਹ ਦੇ ਉੱਤੇ ਇੱਕ ਵੱਡੇ ਰਾਜੇ ਨੇ ਹਮਲਾ ਕੀਤਾ ਅਤੇ ਉਹ ਨੂੰ ਘੇਰਾ ਪਾਇਆ ਅਤੇ ਉਹ ਦੇ ਸਾਹਮਣੇ ਵੱਡੇ ਮੋਰਚੇ ਲਾਏ।