4ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ,
5ਮੈਂ ਆਪਣੇ ਲਈ ਬਗੀਚੇ ਅਤੇ ਬਾਗ਼ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ,
6ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ,
7ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ।
8ਮੈਂ ਸੋਨਾ-ਚਾਂਦੀ ਅਤੇ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆਂ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ।
9ਮੈਂ ਮਹਾਨ ਹੋ ਗਿਆ ਅਤੇ ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਉਹਨਾਂ ਸਾਰਿਆਂ ਨਾਲੋਂ ਬਹੁਤ ਵਾਧਾ ਕੀਤਾ ਪਰ ਫੇਰ ਵੀ ਮੇਰੀ ਬੁੱਧ ਮੇਰੇ ਵਿੱਚ ਟਿਕੀ ਰਹੀ।
10ਉਹ ਸਭ ਕੁਝ ਜੋ ਮੇਰੀਆਂ ਅੱਖਾਂ ਮੰਗਦੀਆਂ ਸਨ, ਮੈਂ ਉਹਨਾਂ ਕੋਲੋਂ ਦੂਰ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਰੋਕਿਆ, ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।
11ਤਦ ਮੈਂ ਉਨ੍ਹਾਂ ਸਾਰਿਆਂ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਅਤੇ ਵੇਖੋ, ਉਹਨਾਂ ਸਾਰਿਆਂ ਦਾ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।