Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਇਬਰਾਨੀ

ਇਬਰਾਨੀ 8

Help us?
Click on verse(s) to share them!
1ਹੁਣ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਨ੍ਹਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਸਵਰਗ ਉੱਤੇ ਅੱਤ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੈ।
2ਉਹ ਪਵਿੱਤਰ ਸਥਾਨ ਦਾ ਅਤੇ ਉਸ ਡੇਰੇ ਦਾ ਸੇਵਕ ਹੈ ਜਿਸ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਖੜ੍ਹਾ ਕੀਤਾ।
3ਹਰੇਕ ਪ੍ਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਠਹਿਰਾਇਆ ਜਾਂਦਾ ਹੈ, ਇਸ ਕਾਰਨ ਜ਼ਰੂਰੀ ਸੀ ਕਿ ਇਹ ਦੇ ਕੋਲ ਵੀ ਚੜ੍ਹਾਉਣ ਨੂੰ ਕੁਝ ਹੋਵੇ।
4ਜੇ ਉਹ ਧਰਤੀ ਉੱਤੇ ਹੁੰਦਾ ਤਾਂ ਉਹ ਕਦੇ ਵੀ ਜਾਜਕ ਨਾ ਹੁੰਦਾ, ਕਿਉਂਕਿ ਬਿਵਸਥਾ ਦੇ ਅਨੁਸਾਰ ਭੇਟਾਂ ਚੜ੍ਹਾਉਣ ਵਾਲੇ ਇੱਥੇ ਹਨ।
5ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਮੂਸਾ ਨੂੰ ਜਦੋਂ ਉਹ ਡੇਰਾ ਬਣਾਉਣ ਲੱਗਾ ਤਾਂ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਕਿ ਵੇਖ, ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਸੀ।
6ਪਰ ਹੁਣ ਮਸੀਹ ਨੂੰ ਹੋਰ ਵੀ ਚੰਗੀ ਸੇਵਕਾਈ ਮਿਲੀ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਵਾਇਦਿਆਂ ਉੱਤੇ ਬੰਨ੍ਹਿਆ ਹੋਇਆ ਹੈ।
7ਪਰ ਜੇ ਉਹ ਪਹਿਲਾ ਨੇਮ ਬੇਦੋਸ਼ ਹੁੰਦਾ ਤਾਂ ਦੂਜੇ ਲਈ ਥਾਂ ਨਾ ਲੱਭੀ ਜਾਂਦੀ।
8ਕਿਉਂ ਜੋ ਉਹ ਉਨ੍ਹਾਂ ਉੱਤੇ ਦੋਸ਼ ਲਾ ਕੇ ਕਹਿੰਦਾ ਹੈ ਕਿ ਵੇਖੋ, ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ,
9ਉਸ ਨੇਮ ਵਾਂਗੂੰ ਨਹੀਂ, ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਉਸ ਦਿਨ ਬੰਨ੍ਹਿਆ ਸੀ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਉਹ ਤਾਂ ਮੇਰੇ ਨਾਮ ਉੱਤੇ ਕਾਇਮ ਨਾ ਰਹੇ, ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ, ਪ੍ਰਭੂ ਆਖਦਾ ਹੈ।
10ਇਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।
11ਹਰ ਕੋਈ ਆਪਣੇ ਦੇਸ ਵਾਲਿਆਂ ਨੂੰ ਅਤੇ ਆਪਣੇ ਭਾਈ ਨੂੰ ਨਹੀਂ ਸਿਖਾਵੇਗਾ, ਕਿ ਤੁਸੀਂ ਪ੍ਰਭੂ ਨੂੰ ਜਾਣੋ, ਕਿਉਂ ਜੋ ਸਾਰੇ ਮੈਨੂੰ ਜਾਨਣਗੇ, ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ।
12ਮੈਂ ਤਾਂ ਉਹਨਾਂ ਦੇ ਕੁਧਰਮਾਂ ਉੱਤੇ ਤਰਸਵਾਨ ਹੋਵਾਂਗਾ, ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।
13ਜਦੋਂ ਉਹ ਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ। ਪਰ ਜੋ ਕੁਝ ਪੁਰਾਣਾ ਹੋਇਆ ਅਤੇ ਬਹੁਤ ਸਮੇਂ ਤੋਂ ਹੈ ਉਹ ਅਲੋਪ ਹੋਣ ਦੇ ਨੇੜੇ ਹੈ।