17 ਹਾਰੂਨ ਨੂੰ ਆਖ, ਤੇਰੀ ਵੰਸ਼ ਵਿੱਚ ਪੀੜ੍ਹੀਓਂ ਪੀੜ੍ਹੀ ਤੱਕ ਜਿਸ ਕਿਸੇ ਵਿੱਚ ਕੋਈ ਦੋਸ਼ ਹੋਵੇ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਜਾਵੇ।
18 ਕੋਈ ਵੀ ਮਨੁੱਖ ਜਿਸ ਵਿੱਚ ਕੋਈ ਵੀ ਦੋਸ਼ ਹੋਵੇ, ਭਾਵੇਂ ਅੰਨ੍ਹਾ, ਭਾਵੇਂ ਲੰਗੜਾ, ਭਾਵੇਂ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ,
19 ਜਾਂ ਉਸਦਾ ਪੈਰ ਜਾਂ ਹੱਥ ਟੁੱਟਿਆ ਹੋਇਆ ਹੋਵੇ,
20 ਜਾਂ ਕੁੱਬਾ, ਜਾਂ ਮਧਰਾ ਜਾਂ ਭੈਂਗਾ ਜਾਂ ਜਿਸ ਨੂੰ ਦਾਦ ਜਾਂ ਖੁਜਲੀ ਹੋਵੇ ਜਾਂ ਜਿਸ ਦੇ ਨਲ ਕੁਚਲੇ ਹੋਏ ਹੋਣ, ਉਹ ਨਜ਼ਦੀਕ ਨਾ ਜਾਵੇ।
21 ਹਾਰੂਨ ਜਾਜਕ ਦੇ ਵੰਸ਼ ਵਿੱਚੋਂ ਜਿਸ ਕਿਸੇ ਮਨੁੱਖ ਵਿੱਚ ਕੋਈ ਦੋਸ਼ ਹੋਵੇ, ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ। ਕਿਉਂ ਜੋ ਉਸ ਵਿੱਚ ਦੋਸ਼ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ।
22 ਉਹ ਆਪਣੇ ਪਰਮੇਸ਼ੁਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ,
23 ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ।
24 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਇਹ ਗੱਲਾਂ ਦੱਸੀਆਂ।