27 ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।
28 ਉਹ ਉਸ ਪਿੰਡ ਨੇੜੇ ਆਇਆ, ਜਿੱਥੇ ਉਹ ਜਾਂਦੇ ਸਨ ਅਤੇ ਉਸ ਨੇ ਅੱਗੇ ਵਧਣ ਨੂੰ ਕੀਤਾ।
29 ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸ਼ਾਮ ਪੈ ਗਈ ਹੈ ਅਤੇ ਹੁਣ ਦਿਨ ਢੱਲ਼ ਚੱਲਿਆ ਹੈ। ਤਦ ਉਹ ਉਨ੍ਹਾਂ ਨਾਲ ਰਹਿਣ ਲਈ ਅੰਦਰ ਗਿਆ।
30 ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜ੍ਹਾਈ।
31 ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਹਿਚਾਣ ਲਿਆ ਅਤੇ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ।
32 ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ?
33 ਉਹ ਉਸੇ ਸਮੇਂ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰ੍ਹਾਂ ਚੇਲਿਆਂ ਅਤੇ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ,
34 ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚ-ਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ!
35 ਤਾਂ ਉਨ੍ਹਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵੇਲੇ ਅਸੀਂ ਉਸ ਨੂੰ ਕਿਸ ਤਰ੍ਹਾਂ ਪਛਾਣਿਆਂ।
36 ਉਹ ਇਹ ਗੱਲਾਂ ਕਰਦੇ ਹੀ ਸਨ ਕਿ ਯਿਸੂ ਆਪ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ।
37 ਪਰ ਉਹ ਸਹਿਮ ਕੇ ਡਰ ਗਏ ਅਤੇ ਇਹ ਸਮਝੇ ਜੋ ਅਸੀਂ ਭੂਤ ਨੂੰ ਵੇਖਦੇ ਹਾਂ।
38 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ?
39 ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਕਿ ਇਹ ਮੈਂ ਹੀ ਹਾਂ। ਮੈਨੂੰ ਛੂਹੋ ਅਤੇ ਵੇਖੋ ਕਿਉਂਕਿ ਆਤਮਾ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।
40 ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਵਿਖਾਏ।
41 ਤਦ ਉਹ ਖੁਸ਼ੀ ਦੇ ਮਾਰੇ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ, ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਤੁਹਾਡੇ ਕੋਲ ਕੁਝ ਭੋਜਨ ਹੈ?