13 ਤਾਂ ਵੇਖੋ, ਉਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਮਕ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ ਸੱਤ ਮੀਲ ਦੂਰੀ ਤੇ ਹੈ।
14 ਉਹ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਸਨ।
15 ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਨ ਲੱਗਾ,
16 ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਕਿ ਉਹ ਉਸ ਨੂੰ ਪਹਿਚਾਣ ਨਾ ਸਕੇ।
17 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਆਪਸ ਵਿੱਚ ਕੀ ਗੱਲਾਂ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ।
18 ਤਦ ਕਲਿਉਪਸ ਨਾਮ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਘਟਨਾਵਾਂ ਉੱਥੇ ਬੀਤੀਆਂ ਹਨ ਨਹੀਂ ਜਾਣਦਾ ਹੈਂ?
19 ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਘਟਨਾਵਾਂ? ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਬਾਰੇ, ਜਿਹੜਾ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰੱਥੀ ਅਤੇ ਪਰਮੇਸ਼ੁਰ ਦਾ ਨਬੀ ਸੀ।
20 ਅਤੇ ਕਿਸ ਤਰ੍ਹਾਂ ਮੁੱਖ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ।
21 ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ।
22 ਪਰ ਸਾਡੇ ਵਿੱਚੋਂ ਕਈਆਂ ਔਰਤਾਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਸਨ,
23 ਅਤੇ ਜਦ ਉਸ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਵੀ ਹੋਇਆ, ਜਿਨ੍ਹਾਂ ਨੇ ਆਖਿਆ ਕਿ ਉਹ ਜਿਉਂਦਾ ਹੈ!
24 ਅਤੇ ਸਾਡੇ ਨਾਲ ਦਿਆਂ ਵਿੱਚੋਂ ਵੀ ਕਈ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਉਸੇ ਤਰ੍ਹਾਂ ਪਾਇਆ ਪਰ ਉਸ ਨੂੰ ਨਾ ਵੇਖਿਆ।
25 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ!
26 ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ?