28 ਤਦ ਉਹਨਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਉਹ ਸਾਮਰਿਯਾ ਵਿੱਚ ਗੁਲਾਮ ਬਣਾ ਕੇ ਲਿਆਏ ਸਨ, ਇੱਕ ਜਣਾ ਆ ਕੇ ਬੈਤਏਲ ਵਿੱਚ ਰਹਿਣ ਲੱਗਾ ਅਤੇ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ ਕਿ ਉਨ੍ਹਾਂ ਨੂੰ ਕਿਵੇਂ ਯਹੋਵਾਹ ਦਾ ਭੈਅ ਮੰਨਣਾ ਚਾਹੀਦਾ ਹੈ।
29 ਤਦ ਵੀ ਸਾਰੀਆਂ ਕੌਮਾਂ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਵੱਸ ਗਏ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ।
30 ਬਾਬਲ ਦੇ ਮਨੁੱਖਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਤੇ ਕੂਥ ਦੇ ਮਨੁੱਖਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਮਨੁੱਖਾਂ ਨੇ ਅਸ਼ੀਮਾ ਨੂੰ ਬਣਾਇਆ।
31 ਅੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਪੁੱਤਰਾਂ ਨੂੰ ਅਦਰਮਲਕ ਅਤੇ ਅਨਮਲਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ, ਅੱਗ ਵਿੱਚ ਸਾੜਦੇ ਹੁੰਦੇ ਸਨ।
32 ਇਸ ਤਰ੍ਹਾਂ ਉਹ ਯਹੋਵਾਹ ਦਾ ਭੈਅ ਮੰਨਣ ਵਾਲੇ ਤਾਂ ਹੋ ਗਏ, ਪਰ ਨਾਲ ਹੀ ਆਪਣੇ ਲਈ ਉੱਚਿਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਨ੍ਹਾਂ ਦੇ ਲਈ ਉੱਚਿਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ।
33 ਉਹ ਯਹੋਵਾਹ ਦਾ ਭੈਅ ਮੰਨਦੇ ਸਨ ਪਰ ਨਾਲ ਹੀ ਉਨ੍ਹਾਂ ਕੌਮਾਂ ਦੀ ਰੀਤ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਪੂਜਾ ਵੀ ਕਰਦੇ ਹੁੰਦੇ ਸਨ।
34 ਅੱਜ ਦੇ ਦਿਨ ਤੱਕ ਉਹ ਪਹਿਲੀਆਂ ਰੀਤਾਂ ਦੇ ਅਨੁਸਾਰ ਕਰਦੇ ਹਨ। ਉਹ ਯਹੋਵਾਹ ਦਾ ਭੈਅ ਨਹੀਂ ਮੰਨਦੇ ਨਾ ਉਹ ਉਹਨਾਂ ਦੀਆਂ ਬਿਧੀਆਂ ਜਾਂ ਰੀਤਾਂ ਅਨੁਸਾਰ ਕਰਦੇ ਹਨ ਅਤੇ ਨਾ ਉਸ ਬਿਵਸਥਾ ਅਤੇ ਹੁਕਮ ਅਨੁਸਾਰ ਜਿਹ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਸੰਤਾਨ ਨੂੰ ਦਿੱਤਾ ਜਿਹ ਦਾ ਨਾਮ ਉਹ ਨੇ ਇਸਰਾਏਲ ਰੱਖਿਆ ਸੀ।