3 ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਸੰਦੂਕ ਨੂੰ ਜਾਜਕਾਂ ਨੇ ਚੁੱਕਿਆ।
4 ਉਹ ਯਹੋਵਾਹ ਦੇ ਸੰਦੂਕ ਨੂੰ, ਮੰਡਲੀ ਦੇ ਤੰਬੂ ਨੂੰ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਤੰਬੂ ਵਿੱਚ ਸਨ ਉਤਾਹਾਂ ਲਿਆਏ। ਇਸ ਤਰ੍ਹਾਂ ਜਾਜਕ ਤੇ ਲੇਵੀ ਉਨ੍ਹਾਂ ਨੂੰ ਲਿਆਏ।
5 ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਐਨੀਆਂ ਭੇਡਾਂ ਤੇ ਬਲ਼ਦ ਚੜ੍ਹਾਏ ਕਿ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸਕਦੀ ਸੀ, ਤੇ ਨਾ ਹੀ ਲੇਖਾ।
6 ਜਾਜਕ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਸਥਾਨ ਵਿੱਚ ਅਰਥਾਤ ਭਵਨ ਦੀ ਵਿਚਲੀ ਕੋਠੜੀ, ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਹੇਠ ਲਿਆਏ।
7 ਕਿਉਂ ਜੋ ਕਰੂਬੀਆਂ ਨੇ ਆਪਣੇ ਦੋਵੇਂ ਖੰਭ ਸੰਦੂਕ ਦੇ ਸਥਾਨ ਉੱਤੇ ਖਿਲਾਰੇ ਹੋਏ ਸਨ ਅਤੇ ਕਰੂਬੀਆਂ ਨੇ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਢੱਕਿਆ ਹੋਇਆ ਸੀ।
8 ਉਨ੍ਹਾਂ ਨੇ ਚੋਬਾਂ ਨੂੰ ਇਨ੍ਹਾਂ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੋਂ ਪਵਿੱਤਰ ਸਥਾਨ ਤੋਂ ਦਿਸਦੇ ਸਨ ਪਰ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ।
9 ਸੰਦੂਕ ਵਿੱਚ ਉਨ੍ਹਾਂ ਦੋਹਾਂ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ।
10 ਇਸ ਤਰ੍ਹਾਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਯਹੋਵਾਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ
11 ਕਿ ਜਾਜਕ ਬੱਦਲ ਦੇ ਕਾਰਨ ਉਪਾਸਨਾ ਕਰਨ ਲਈ ਖੜ੍ਹੇ ਨਾ ਹੋ ਸਕੇ ਕਿਉਂ ਜੋ ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਸੀ।
12 ਸੁਲੇਮਾਨ ਨੇ ਆਖਿਆ ਕਿ ਯਹੋਵਾਹ ਨੇ ਫ਼ਰਮਾਇਆ ਸੀ ਕਿ ਉਹ ਘੁੱਪ ਹਨ੍ਹੇਰੇ ਵਿੱਚ ਵੱਸੇਗਾ।
13 ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇਂ ਬਣਾਇਆ।
14 ਤਦ ਰਾਜੇ ਨੇ ਇਸਰਾਏਲ ਦੀ ਸਾਰੀ ਸਭਾ ਵੱਲ ਆਪਣਾ ਮੂੰਹ ਫੇਰ ਕੇ ਉਨ੍ਹਾਂ ਨੂੰ ਬਰਕਤ ਦਿੱਤੀ ਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ।
15 ਉਸ ਨੇ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹ ਨਾਲ ਬਚਨ ਕੀਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਵੀ ਕੀਤਾ।
16 ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਮੈਂ ਆਪਣਾ ਭਵਨ ਬਣਾਉਣ ਲਈ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਕਿ ਮੇਰਾ ਨਾਮ ਉੱਥੇ ਰਹੇ, ਪਰ ਮੈਂ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ।