24 ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ। ਤੂੰ ਆਪਣੇ ਮੂੰਹ ਤੋਂ ਬਚਨ ਦਿੱਤਾ ਅਤੇ ਆਪਣੇ ਹੱਥ ਨਾਲ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ।
25 ਇਸ ਲਈ ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਤੇ ਆਪਣੇ ਦਾਸ ਦਾਊਦ ਨਾਲ ਜੋ ਬਚਨ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਥੁੜ ਨਾ ਹੋਵੇਗੀ ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਕਿ ਉਹ ਮੇਰੇ ਸਨਮੁਖ ਉਸੇ ਤਰ੍ਹਾਂ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈਂ।
26 ਹੁਣ ਹੇ ਇਸਰਾਏਲ ਦੇ ਪਰਮੇਸ਼ੁਰ, ਤੇਰਾ ਬਚਨ ਜਿਹੜਾ ਤੂੰ ਮੇਰੇ ਪਿਤਾ ਦਾਊਦ ਆਪਣੇ ਦਾਸ ਨਾਲ ਕੀਤਾ ਸੱਚਾ ਠਹਿਰਾਇਆ ਜਾਵੇ।
27 ਭਲਾ, ਪਰਮੇਸ਼ੁਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ?
28 ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਅਤੇ ਉਸ ਦੁਹਾਈ ਅਤੇ ਬੇਨਤੀ ਨੂੰ ਸੁਣ ਲੈ ਜੋ ਤੇਰਾ ਦਾਸ ਅੱਜ ਤੇਰੇ ਸਾਹਮਣੇ ਪ੍ਰਾਰਥਨਾ ਕਰਦਾ ਹੈ।
29 ਤੇਰੀਆਂ ਅੱਖਾਂ ਰਾਤ-ਦਿਨ ਇਸ ਭਵਨ ਵੱਲ ਖੁੱਲ੍ਹੀਆਂ ਰਹਿਣ ਅਰਥਾਤ ਇਸ ਸਥਾਨ ਵੱਲ ਜਿਸ ਦੇ ਵਿਖੇ ਤੂੰ ਫ਼ਰਮਾਇਆ ਸੀ ਕਿ ਮੇਰਾ ਨਾਮ ਉੱਥੇ ਰਹੇਗਾ, ਆਪਣੇ ਦਾਸ ਦੀ ਬੇਨਤੀ ਨੂੰ ਜੋ ਉਹ ਇਸ ਸਥਾਨ ਵੱਲ ਕਰੇ ਸੁਣ ਲਈਂ।