25 ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ। ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।
26 ਉਸ ਦੀ ਮੋਟਾਈ ਇੱਕ ਚੱਪਾ ਭਰ ਸੀ। ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਚਾਲ੍ਹੀ ਹਜ਼ਾਰ ਲੀਟਰ ਸਮਾਉਂਦਾ ਸੀ।
27 ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।
28 ਉਨ੍ਹਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।
29 ਪਟੜੀਆਂ ਦੇ ਉੱਤੇ ਜਿਹੜੀਆਂ ਜੋੜਾਂ ਵਿੱਚ ਸਨ ਸ਼ੇਰ ਬਲ਼ਦ ਅਤੇ ਕਰੂਬ ਸਨ ਅਤੇ ਜੋੜ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਸੀ ਅਤੇ ਸ਼ੇਰਾਂ ਅਤੇ ਬਲ਼ਦਾਂ ਦੇ ਹੇਠ ਲਟਕਵੇਂ ਹਾਰ ਸਨ।
30 ਹਰ ਕੁਰਸੀ ਲਈ ਪਿੱਤਲ ਦੇ ਚਾਰ ਪਹੀਏ ਸਨ ਅਤੇ ਉਨ੍ਹਾਂ ਦੀਆਂ ਧੁਰਾਂ ਪਿੱਤਲ ਦੀਆਂ ਸਨ। ਉਨ੍ਹਾਂ ਦੇ ਚੋਹਾਂ ਪਹੀਆਂ ਹੇਠ ਫਰਸ਼ੀਆਂ ਸਨ ਹੌਦ ਦੇ ਹੇਠ ਢਲਵੀਆਂ ਫਰਸ਼ੀਆਂ ਸਨ ਅਤੇ ਹਰ ਇੱਕ ਦੇ ਪਾਸੇ ਉੱਤੇ ਹਾਰ ਸਨ।
31 ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ। ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਨ੍ਹਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ।
32 ਉਹ ਚਾਰ ਪਹੀਏ ਉਨ੍ਹਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ।
33 ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂੰ ਸੀ, ਉਨ੍ਹਾਂ ਦੇ ਧੁਰੇ, ਉਨ੍ਹਾਂ ਦੇ ਆਓਲ, ਉਨ੍ਹਾਂ ਦੀਆਂ ਪੁੱਠੀਆਂ, ਉਨ੍ਹਾਂ ਦੀਆਂ ਅਰਾਂ ਅਤੇ ਉਨ੍ਹਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ।
34 ਹਰ ਕੁਰਸੀ ਦੀਆਂ ਚੌਹਾਂ ਨੁੱਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ।
35 ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉਸੇ ਵਿੱਚੋਂ ਸਨ।
36 ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ।
37 ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਨ੍ਹਾਂ ਦਾ ਇੱਕੋ ਹੀ ਸਾਂਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ।
38 ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਅੱਠ ਸੌ ਲੀਟਰ ਸਮਾਉਂਦਾ ਸੀ। ਹਰ ਇੱਕ ਹੌਦੀ ਚਾਰ ਹੱਥ ਦੀ ਸੀ। ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ।