25 ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜ਼ੀਰ ਦੇ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸੁਲੇਮਾਨ ਦੇ ਸਾਰੇ ਦਿਨਾਂ ਵਿੱਚ ਸ਼ਾਂਤੀ ਨਾਲ ਬੈਠਦਾ ਸੀ।
26 ਸੁਲੇਮਾਨ ਦੇ ਰੱਥਾਂ ਦੇ ਘੋੜਿਆਂ ਲਈ ਚਾਲ੍ਹੀ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ।
27 ਇਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ, ਰਸਤ ਪਹੁੰਚਾਉਂਦੇ ਸਨ ਅਤੇ ਇਸ ਗੱਲ ਵਿੱਚ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ।
28 ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਓਥੋਂ ਇੱਕ-ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ।
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਅਤੇ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ
30 ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵੱਧ ਸੀ।
31 ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ, ਹੇਮਾਨ, ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਮ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਸੀ।
32 ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ।