Text copied!
Bibles in Panjabi

1 ਰਾਜਾ 2:19-31 in Panjabi

Help us?

1 ਰਾਜਾ 2:19-31 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

19 ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ। ਉਹ ਉਸ ਦੇ ਸੱਜੇ ਪਾਸੇ ਵੱਲ ਬੈਠ ਗਈ।
20 ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ। ਮੈਨੂੰ ਖਾਲੀ ਨਾ ਮੋੜੀਂ, ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ।
21 ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ।
22 ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ।
23 ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ।
24 ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ।
25 ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ।
26 ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।
27 ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।
28 ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ। ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫੜਿਆ।
29 ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ।
30 ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ। ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।
31 ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ।
1 ਰਾਜਾ 2 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ