21 ਤਦ ਇੱਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ?
22 ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ। ਤਦ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ। ਜਾ ਅਤੇ ਇਸ ਤਰ੍ਹਾਂ ਕਰ।
23 ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ।
24 ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆਣ ਕੇ ਮੀਕਾਯਾਹ ਦੀ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ?
25 ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ।
26 ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ।
27 ਅਤੇ ਆਖ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ।
28 ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ।
29 ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ, ਰਾਮੋਥ ਗਿਲਆਦ ਨੂੰ ਚੜ੍ਹੇ।
30 ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਮੈਂ ਆਪਣਾ ਭੇਸ ਵਟਾਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਕੇ ਲੜਾਈ ਵਿੱਚ ਗਿਆ।
31 ਪਰ ਅਰਾਮ ਦੇ ਰਾਜੇ ਨੇ ਆਪਣੇ ਰਥਾਂ ਦੇ ਬੱਤੀਆਂ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ।
32 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਤ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਰਾਜਾ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫ਼ਾਤ ਚਿੱਲਾਇਆ।
33 ਅਤੇ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ।
34 ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।
35 ਅਤੇ ਲੜਾਈ ਉਸ ਦਿਨ ਵੱਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮਿਆ ਰਿਹਾ ਅਤੇ ਸੰਝ ਨੂੰ ਮਰ ਗਿਆ ਅਤੇ ਲਹੂ ਉਹ ਦੇ ਜ਼ਖਮ ਤੋਂ ਰਥ ਦੇ ਵਿੱਚ ਵਗਦਾ ਰਿਹਾ।
36 ਅਤੇ ਸੂਰਜ ਦੇ ਆਥਣ ਦੇ ਵੇਲੇ ਦਲ ਦੇ ਵਿੱਚ ਇਹ ਹੋਕਾ ਫਿਰਾਇਆ ਗਿਆ ਕਿ ਹਰ ਕੋਈ ਆਪੋ ਆਪਣੇ ਸ਼ਹਿਰ ਅਤੇ ਹਰ ਕੋਈ ਆਪੋ ਆਪਣੇ ਦੇਸ ਨੂੰ ਤੁਰ ਜਾਵੇ।
37 ਸੋ ਪਾਤਸ਼ਾਹ ਮਰ ਗਿਆ ਅਤੇ ਉਹ ਨੂੰ ਸਾਮਰਿਯਾ ਵਿੱਚ ਲੈ ਗਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ।
38 ਅਤੇ ਰਥ ਨੂੰ ਸਾਮਰਿਯਾ ਦੇ ਤਲਾਬ ਵਿੱਚ ਧੋਤਾ ਜਿੱਥੇ ਵੇਸਵਾ ਨਹਾਉਂਦੀਆਂ ਹੁੰਦੀਆਂ ਸਨ ਅਤੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਹ ਬੋਲਿਆ ਕੁੱਤਿਆਂ ਨੇ ਆ ਕੇ ਉਹ ਦਾ ਲਹੂ ਚੱਟਿਆ।
39 ਅਹਾਬ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸਨੇ ਕੀਤਾ ਅਤੇ ਉਹ ਹਾਥੀ ਦੰਦ ਦਾ ਘਰ ਜੋ ਉਸ ਨੇ ਬਣਾਇਆ ਅਤੇ ਉਹ ਸਾਰੇ ਸ਼ਹਿਰ ਜੋ ਉਸ ਨੇ ਉਸਾਰੇ ਕੀ ਉਹ ਸਭ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ?
40 ਸੋ ਅਹਾਬ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਅਹਜ਼ਯਾਹ ਉਸ ਦੇ ਥਾਂ ਰਾਜ ਕਰਨ ਲੱਗਾ।