19 ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫ਼ਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ।
20 ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ।
21 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਤਿਰਸਾਹ ਵਿੱਚ ਜਾ ਵੱਸਿਆ।
22 ਤਾਂ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤਾਂ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਆਸ਼ਾ ਨੇ ਰਾਮਾਹ ਨੂੰ ਬਣਾਇਆ ਸੀ। ਉਨ੍ਹਾਂ ਨਾਲ ਆਸਾ ਪਾਤਸ਼ਾਹ ਨੇ ਬਿਨਯਾਮੀਨ ਦਾ ਗਬਾ ਅਤੇ ਮਿਸਪਾਹ ਬਣਾਏ।
23 ਅਤੇ ਆਸਾ ਦੇ ਬਾਕੀ ਕੰਮ ਅਤੇ ਉਹ ਦਾ ਸਾਰਾ ਬਲ ਅਤੇ ਉਹ ਸਭ ਜੋ ਉਸ ਕੀਤਾ ਅਤੇ ਸ਼ਹਿਰ ਜੋ ਉਸਨੇ ਬਣਾਏ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਉਸ ਦੇ ਬੁਢੇਪੇ ਵਿੱਚ ਉਸ ਦੇ ਪੈਰਾਂ ਦਾ ਰੋਗ ਲੱਗ ਗਿਆ।