11 ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਹੋਵਾਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ।
12 ਤਦ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ।
13 ਪਰ ਜੇਕਰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ।
14 ਜਦ ਕੋਈ ਮਨੁੱਖ ਆਪਣਾ ਘਰ ਯਹੋਵਾਹ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪਣ ਕਰੇ ਤਾਂ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਮੁੱਲ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ।
15 ਪਰ ਜੇਕਰ ਉਸ ਘਰ ਨੂੰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ, ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਅਤੇ ਉਹ ਘਰ ਉਸੇ ਦਾ ਹੋਵੇਗਾ।
16 ਜੇਕਰ ਕੋਈ ਮਨੁੱਖ ਆਪਣੀ ਨਿੱਜ-ਭੂਮੀ ਦਾ ਕੁਝ ਹਿੱਸਾ ਯਹੋਵਾਹ ਦੇ ਅੱਗੇ ਅਰਪਣ ਕਰੇ ਤਾਂ ਤੇਰਾ ਮੁੱਲ ਉਸ ਵਿੱਚ ਬੀਜੇ ਜਾਣ ਵਾਲੇ ਬੀਜ ਦੇ ਅਨੁਸਾਰ ਹੋਵੇ, ਇੱਕ ਟੋਪੇ ਜੌਂਵਾਂ ਦੇ ਬੀ ਦਾ ਮੁੱਲ ਪੰਜਾਹ ਸ਼ਕੇਲ ਚਾਂਦੀ ਹੋਵੇ।
17 ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਵਿੱਚ ਅਰਪਣ ਕਰੇ ਦਾ ਉਸ ਦਾ ਮੁੱਲ ਤੇਰੇ ਠਹਿਰਾਉਣ ਦੇ ਅਨੁਸਾਰ ਹੋਵੇ।
18 ਪਰ ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਤੋਂ ਬਾਅਦ ਅਰਪਣ ਕਰੇ ਤਾਂ ਜਾਜਕ ਰਹਿੰਦਿਆਂ ਸਾਲਾਂ ਦੇ ਲੇਖੇ ਦੇ ਅਨੁਸਾਰ ਅਰਥਾਤ ਅਨੰਦ ਦੇ ਸਾਲ ਤੱਕ ਪੈਸੇ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਵੇ।
19 ਪਰ ਜੇਕਰ ਉਸ ਖੇਤ ਨੂੰ ਅਰਪਣ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਤਦ ਉਹ ਖੇਤ ਉਸੇ ਦਾ ਠਹਿਰੇਗਾ।
20 ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ।
21 ਪਰ ਜਦ ਉਹ ਖੇਤ ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਤਾਂ ਉਹ ਯਹੋਵਾਹ ਦੇ ਅੱਗੇ ਸੁੱਖੇ ਹੋਏ ਖੇਤ ਦੀ ਤਰ੍ਹਾਂ ਪਵਿੱਤਰ ਹੋਵੇਗਾ। ਉਸ ਉੱਤੇ ਜਾਜਕ ਦਾ ਹੀ ਅਧਿਕਾਰ ਹੋਵੇਗਾ।
22 ਫੇਰ ਜੇਕਰ ਕੋਈ ਮਨੁੱਖ ਇੱਕ ਮੁੱਲ ਲਏ ਹੋਏ ਖੇਤ ਨੂੰ ਯਹੋਵਾਹ ਦੇ ਅੱਗੇ ਅਰਪਣ ਕਰੇ, ਜੋ ਉਸ ਦੀ ਆਪਣੀ ਨਿੱਜ-ਭੂਮੀ ਦੇ ਖੇਤਾਂ ਵਿੱਚੋਂ ਨਾ ਹੋਵੇ,
23 ਤਦ ਜਾਜਕ ਅਨੰਦ ਦੇ ਸਾਲ ਤੱਕ ਦਾ ਲੇਖਾ ਕਰਕੇ ਉਸ ਮਨੁੱਖ ਦੇ ਲਈ ਜੋ ਮੁੱਲ ਠਹਿਰਾਵੇ, ਉਹ ਉਸ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ।
24 ਅਨੰਦ ਦੇ ਸਾਲ ਵਿੱਚ ਉਹ ਖੇਤ ਉਸੇ ਦੇ ਅਧਿਕਾਰ ਵਿੱਚ ਆ ਜਾਵੇਗਾ, ਜਿਸ ਤੋਂ ਉਹ ਮੁੱਲ ਲਿਆ ਗਿਆ ਸੀ ਅਰਥਾਤ ਉਹ ਜਿਸ ਦੀ ਨਿੱਜ-ਭੂਮੀ ਸੀ, ਉਸ ਉੱਤੇ ਉਸੇ ਦਾ ਅਧਿਕਾਰ ਹੋਵੇਗਾ।
25 ਜਾਜਕ ਦੁਆਰਾ ਤੇਰੇ ਲਈ ਠਹਿਰਾਏ ਹੋਏ ਸਾਰੇ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਦੇ ਅਨੁਸਾਰ ਹੋਣ - ਸ਼ਕੇਲ ਵੀਹ ਗਿਰਾ ਦਾ ਹੋਵੇ।
26 ਤੇਰੇ ਸਾਰੇ ਪਸ਼ੂਆਂ ਦੇ ਪਹਿਲੌਠੇ ਯਹੋਵਾਹ ਦੇ ਹਨ, ਕੋਈ ਮਨੁੱਖ ਉਨ੍ਹਾਂ ਨੂੰ ਅਰਪਣ ਨਾ ਕਰੇ, ਭਾਵੇਂ ਬਲ਼ਦ ਹੋਵੇ, ਭਾਵੇਂ ਭੇਡ ਜਾਂ ਬੱਕਰੀ ਦਾ ਬੱਚਾ, ਉਹ ਯਹੋਵਾਹ ਦਾ ਹੀ ਹੈ।
27 ਪਰ ਜੇ ਉਹ ਕਿਸੇ ਅਸ਼ੁੱਧ ਪਸ਼ੂ ਦਾ ਪਹਿਲੌਠਾ ਹੋਵੇ ਤਾਂ ਉਸ ਨੂੰ ਅਰਪਣ ਕਰਨ ਵਾਲਾ ਉਸ ਨੂੰ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਸ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਛੁਡਾ ਸਕਦਾ ਹੈ, ਪਰ ਜੇਕਰ ਉਹ ਛੁਡਾਇਆ ਨਾ ਜਾਵੇ ਤਾਂ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ।
28 ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ। ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ।
29 ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।