Text copied!
Bibles in Panjabi

ਲੇਵੀਆਂ 26:10-33 in Panjabi

Help us?

ਲੇਵੀਆਂ 26:10-33 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

10 ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ।
11 ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿਚਕਾਰ ਖੜ੍ਹਾ ਕਰਾਂਗਾ ਅਤੇ ਮੇਰਾ ਜੀਅ ਤੁਹਾਨੂੰ ਮਾੜੇ ਨਾ ਸਮਝੇਗਾ।
12 ਮੈਂ ਤੁਹਾਡੇ ਵਿਚਕਾਰ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੀ ਪਰਜਾ ਹੋਵੋਗੇ।
13 ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਤੋੜ ਸੁੱਟਿਆ ਅਤੇ ਤੁਹਾਨੂੰ ਸਿੱਧੇ ਕਰਕੇ ਚਲਾਇਆ ਹੈ।
14 ਪਰ ਜੇਕਰ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਨਾ ਮੰਨੋਗੇ,
15 ਅਤੇ ਜੇਕਰ ਤੁਸੀਂ ਮੇਰੀਆਂ ਬਿਧੀਆਂ ਨੂੰ ਤਿਆਗ ਦਿਓ ਅਤੇ ਮੇਰੇ ਨਿਆਂ ਤੁਹਾਡੇ ਜੀਅ ਨੂੰ ਮਾੜੇ ਲੱਗਣ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਤੋੜ ਦਿਓ,
16 ਤਾਂ ਮੈਂ ਤੁਹਾਡੇ ਨਾਲ ਇਹ ਕਰਾਂਗਾ ਅਰਥਾਤ ਮੈਂ ਤੁਹਾਡੇ ਉੱਤੇ ਡਰ, ਲਾ-ਇਲਾਜ਼ ਰੋਗ ਅਤੇ ਤਾਪ ਪਾਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੇ ਮਨਾਂ ਨੂੰ ਉਦਾਸ ਕਰਨਗੇ ਅਤੇ ਤੁਸੀਂ ਵਿਅਰਥ ਹੀ ਆਪਣੇ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾ ਜਾਣਗੇ।
17 ਮੈਂ ਵੀ ਤੁਹਾਡੇ ਵਿਰੁੱਧ ਹੋਵਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ, ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰੇ ਤਾਂ ਵੀ ਤੁਸੀਂ ਭੱਜੋਗੇ।
18 ਅਤੇ ਜੇਕਰ ਤੁਸੀਂ ਇਹ ਸਭ ਕਰਕੇ ਵੀ ਤੁਸੀਂ ਮੇਰੇ ਵੱਲ ਧਿਆਨ ਨਾ ਕਰੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ।
19 ਅਤੇ ਮੈਂ ਤੁਹਾਡੀ ਜੋਰਾਵਰੀ ਦਾ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗੀ ਬਣਾਵਾਂਗਾ।
20 ਅਤੇ ਤੁਹਾਡਾ ਜ਼ੋਰ ਵਿਅਰਥ ਹੋ ਜਾਵੇਗਾ ਕਿਉਂ ਜੋ ਤੁਹਾਡੀ ਧਰਤੀ ਆਪਣੀ ਉਪਜ ਨਾ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਵੀ ਆਪਣੇ ਫਲ ਨਾ ਉਗਾਉਣਗੇ।
21 ਜੇਕਰ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ।
22 ਮੈਂ ਜੰਗਲੀ ਜਾਨਵਰਾਂ ਨੂੰ ਤੁਹਾਡੇ ਵਿਚਕਾਰ ਘੱਲਾਂਗਾ ਜੋ ਤੁਹਾਡੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਤੁਹਾਡੇ ਪਸ਼ੂਆਂ ਦਾ ਨਾਸ ਕਰਨਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵਿਰਾਨ ਹੋ ਜਾਣਗੀਆਂ।
23 ਫੇਰ ਜੇਕਰ ਤੁਸੀਂ ਇਨ੍ਹਾਂ ਗੱਲਾਂ ਵਿੱਚ ਵੀ ਮੇਰੀ ਤਾੜਨਾ ਨਾਲ ਨਾ ਸੁਧਰੋ ਪਰ ਮੇਰੇ ਵਿਰੁੱਧ ਹੀ ਚਲਦੇ ਰਹੋ,
24 ਤਾਂ ਮੈਂ ਵੀ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਮੈਂ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ।
25 ਅਤੇ ਮੈਂ ਤੁਹਾਡੇ ਉੱਤੇ ਅਜਿਹੀ ਤਲਵਾਰ ਚਲਾਵਾਂਗਾ, ਜਿਹੜੀ ਮੇਰਾ ਨੇਮ ਤੋੜਨ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਇਕੱਠੇ ਹੋਵੋਗੇ ਤਾਂ ਮੈਂ ਤੁਹਾਡੇ ਵਿੱਚ ਬਵਾਂ ਘੱਲਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਹੱਥ ਵਿੱਚ ਸੌਂਪੇ ਜਾਓਗੇ।
26 ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਢਾਹ ਸੁੱਟਾਂਗਾ ਤਾਂ ਦਸ ਇਸਤਰੀਆਂ ਤੁਹਾਡੀਆਂ ਰੋਟੀਆਂ ਇੱਕੋ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ, ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27 ਪਰ ਜੇਕਰ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੁੱਧ ਹੀ ਚੱਲੋ,
28 ਤਦ ਮੈਂ ਵੀ ਡਾਢੇ ਕ੍ਰੋਧ ਨਾਲ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਮੈਂ, ਹਾਂ, ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦਿਆਂਗਾ।
29 ਤੁਸੀਂ ਆਪਣੇ ਪੁੱਤਰਾਂ ਦਾ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ।
30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਹ ਦਿਆਂਗਾ ਅਤੇ ਤੁਹਾਡੇ ਸੂਰਜ ਦੇ ਥੰਮ੍ਹਾਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੀਆਂ ਟੁੱਟੀਆਂ ਹੋਈਆਂ ਮੂਰਤਾਂ ਦੇ ਉੱਤੇ ਸੁੱਟਾਂਗਾ ਅਤੇ ਮੇਰਾ ਜੀਅ ਤੁਹਾਡੇ ਤੋਂ ਘਿਣ ਕਰੇਗਾ।
31 ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਸੁਗੰਧਤਾ ਨੂੰ ਸਵੀਕਾਰ ਨਾ ਕਰਾਂਗਾ।
32 ਮੈਂ ਉਸ ਦੇਸ਼ ਦਾ ਨਾਸ ਕਰਵਾ ਦਿਆਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ, ਉਹ ਇਹ ਵੇਖ ਕੇ ਹੱਕੇ-ਬੱਕੇ ਰਹਿ ਜਾਣਗੇ।
33 ਮੈਂ ਤੁਹਾਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤੁਹਾਡੇ ਪਿੱਛੇ-ਪਿੱਛੇ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ।
ਲੇਵੀਆਂ 26 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ