27 ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ।
28 ਪਰ ਜੇਕਰ ਉਹ ਉਸ ਨੂੰ ਛੁਡਾਉਣ ਦੇ ਯੋਗ ਨਾ ਹੋਵੇ ਤਾਂ ਉਸ ਦੀ ਵੇਚੀ ਹੋਈ ਜ਼ਮੀਨ ਅਨੰਦ ਦੇ ਸਾਲ ਤੱਕ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਰਹੇਗੀ ਅਤੇ ਅਨੰਦ ਦੇ ਸਾਲ ਵਿੱਚ ਉਹ ਛੁੱਟ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਜ਼ਮੀਨ ਉਸ ਨੂੰ ਮਿਲ ਜਾਵੇਗੀ।
29 ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ।
30 ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ।
31 ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ।
32 ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ।
33 ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ।
34 ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ।
35 ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ।