Text copied!
Bibles in Panjabi

ਲੂਕਾ 7:3-24 in Panjabi

Help us?

ਲੂਕਾ 7:3-24 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਉਸ ਨੇ ਯਿਸੂ ਦੀ ਖ਼ਬਰ ਸੁਣ ਕੇ ਯਹੂਦੀਆਂ ਦੇ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਜੋ ਆ ਕੇ ਮੇਰੇ ਨੌਕਰ ਨੂੰ ਚੰਗਾ ਕਰੇ।
4 ਉਹ ਯਿਸੂ ਦੇ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਸ ਨੂੰ ਬੇਨਤੀ ਕਰ ਕੇ ਆਖਿਆ ਕਿ ਉਹ ਇਸ ਲਾਇਕ ਹੈ ਜੋ ਤੂੰ ਉਸ ਦੇ ਲਈ ਇਹ ਕੰਮ ਕਰੇਂ।
5 ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਸ ਨੇ ਆਪ ਸਾਡੇ ਲਈ ਪ੍ਰਾਰਥਨਾ ਘਰ ਬਣਵਾਇਆ ਹੈ।
6 ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਸੁਨੇਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੇ ਘਰ ਆਓ।
7 ਇਸੇ ਕਾਰਨ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਜੇਕਰ ਤੂੰ ਇੱਕ ਸ਼ਬਦ ਹੀ ਕਹਿ ਦੇਵੇਂਗਾ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।
8 ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ। ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, “ਜਾ” ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ਬੁਲਾਵਾਂ “ਆ” ਤਾਂ ਉਹ ਆਉਂਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾਂ ਹਾਂ “ਇਹ ਕਰ”, ਤਾਂ ਉਹ ਕਰਦਾ ਹੈ।
9 ਯਿਸੂ ਇਹ ਗੱਲਾਂ ਸੁਣ ਕੇ ਹੈਰਾਨ ਹੋਇਆ ਅਤੇ ਉਸ ਭੀੜ ਦੀ ਵੱਲ ਜੋ ਉਸ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ!
10 ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਵੇਖਿਆ।
11 ਇਸ ਦੇ ਪਿੱਛੋਂ ਇਹ ਹੋਇਆ ਯਿਸੂ ਨਾਈਨ ਨਾਮ ਦੇ ਇੱਕ ਨਗਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਵੱਡੀ ਭੀੜ ਉਸ ਦੇ ਨਾਲ ਤੁਰੀ ਜਾਂਦੀ ਸੀ।
12 ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਪੁੱਜਿਆ ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ, ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ।
13 ਪ੍ਰਭੂ ਨੇ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ।
14 ਅਤੇ ਨੇੜੇ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਰੁੱਕ ਗਏ। ਤਦ ਉਸ ਨੇ ਕਿਹਾ, ਹੇ ਜਵਾਨ ਮੈਂ ਤੈਨੂੰ ਕਹਿੰਦਾ ਹਾਂ, ਉੱਠ!
15 ਤਦ ਉਹ ਮੁਰਦਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।
16 ਤਦ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਕਿ ਸਾਡੇ ਵਿੱਚ ਇੱਕ ਮਹਾਨ ਨਬੀ ਉੱਠਿਆ ਹੈ, ਅਤੇ ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਹੈ।
17 ਅਤੇ ਉਸ ਦੇ ਬਾਰੇ ਇਹ ਗੱਲ ਸਾਰੇ ਯਹੂਦਿਯਾ ਅਤੇ ਉਸ ਪੂਰੇ ਇਲਾਕੇ ਵਿੱਚ ਫੈਲ ਗਈ।
18 ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਾਰਿਆਂ ਕੰਮਾਂ ਦੀ ਖ਼ਬਰ ਦਿੱਤੀ।
19 ਤਦ ਯੂਹੰਨਾ ਨੇ ਆਪਣੇ ਚੇਲਿਆਂ ਵਿੱਚੋਂ ਦੋ ਚੇਲਿਆਂ ਨੂੰ ਬੁਲਾਇਆ ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ।
20 ਉਹ ਦੋਨੋਂ ਚੇਲੇ ਯਿਸੂ ਕੋਲ ਆਏ ਅਤੇ ਉਸ ਤੋਂ ਪੁੱਛਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?
21 ਉਸ ਨੇ ਉਸ ਸਮੇਂ ਬਹੁਤਿਆਂ ਨੂੰ ਰੋਗਾਂ ਅਤੇ ਕਮਜ਼ੋਰੀਆਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ।
22 ਤਦ ਯਿਸੂ ਨੇ ਉੱਤਰ ਦਿੱਤਾ ਕਿ ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਕੇ ਦੱਸੋ ਕਿ ਅੰਨ੍ਹੇ ਵੇਖਦੇ, ਲੰਗੜੇ ਤੁਰਦੇ, ਕੋੜ੍ਹੀ ਸ਼ੁੱਧ ਹੁੰਦੇ, ਬੋਲੇ ਸੁਣਦੇ ਅਤੇ ਮੁਰਦੇ ਜਿਵਾਲੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ।
23 ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
24 ਜਦ ਯੂਹੰਨਾ ਦੇ ਸੰਦੇਸ਼ਵਾਹਕ ਵਾਪਸ ਚੱਲੇ ਗਏ ਤਾਂ ਉਹ ਯੂਹੰਨਾ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਭਲਾ, ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?
ਲੂਕਾ 7 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ