Text copied!
Bibles in Panjabi

ਲੂਕਾ 4:9-32 in Panjabi

Help us?

ਲੂਕਾ 4:9-32 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਤਦ ਸ਼ੈਤਾਨ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਸ਼ਿਖਰ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦੇ”।
10 ਕਿਉਂਕਿ ਇਹ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਖਿਆ ਕਰਨ,
11 ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।
12 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਵੀ ਆਖਿਆ ਗਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈ।
13 ਜਦੋਂ ਸ਼ੈਤਾਨ ਉਸ ਨੂੰ ਪਰਖ ਚੁੱਕਿਆ ਤਾਂ ਕੁਝ ਸਮੇਂ ਤੱਕ ਉਸ ਕੋਲੋਂ ਦੂਰ ਰਿਹਾ।
14 ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਮੁੜਿਆ ਅਤੇ ਉਹ ਸਾਰੇ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ।
15 ਅਤੇ ਉਹ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ।
16 ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਉਸਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਨੇਮ ਅਨੁਸਾਰ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਪੜ੍ਹਨ ਲਈ ਖੜ੍ਹਾ ਹੋਇਆ।
17 ਅਤੇ ਯਸਾਯਾਹ ਨਬੀ ਦੀ ਪੁਸਤਕ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਸ ਪਾਠ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ -
18 ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਇਸ ਲਈ ਭੇਜਿਆ ਹੈ ਕਿ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਵਾਂ।
19 ਅਤੇ ਪ੍ਰਭੂ ਦੇ ਮਨਭਾਉਂਦੇ ਸਾਲ ਦਾ ਪਰਚਾਰ ਕਰਾਂ।
20 ਉਸ ਨੇ ਪੁਸਤਕ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਪ੍ਰਾਰਥਨਾ ਘਰ ਵਿੱਚ ਹਾਜ਼ਰ ਲੋਕਾਂ ਦੀਆਂ ਅੱਖਾਂ ਉਸ ਤੇ ਲੱਗੀਆਂ ਹੋਈਆਂ ਸਨ।
21 ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਤ ਅੱਜ ਤੁਹਾਡੇ ਸਾਹਮਣੇ ਪੂਰੀ ਹੋਈ ਹੈ।
22 ਅਤੇ ਸਭ ਲੋਕਾਂ ਨੇ ਉਸ ਬਾਰੇ ਗਵਾਹੀ ਦਿੱਤੀ ਅਤੇ ਕਿਰਪਾ ਦੀਆਂ ਉਹਨਾਂ ਗੱਲਾਂ ਤੋਂ ਜੋ ਉਸ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਆਖਿਆ, ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?
23 ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੈਨੂੰ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਹੈ ਐਥੇ ਆਪਣੇ ਦੇਸ ਵਿੱਚ ਵੀ ਕਰ।
24 ਉਸ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਨਬੀ ਆਪਣੇ ਦੇਸ ਵਿੱਚ ਆਦਰ ਨਹੀਂ ਪਾਉਂਦਾ।
25 ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ ਅਤੇ ਸਾਰੇ ਦੇਸ ਵਿੱਚ ਵੱਡਾ ਅਕਾਲ ਪਿਆ। ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ।
26 ਪਰ ਏਲੀਯਾਹ ਸੈਦਾ ਦੇਸ ਦੇ ਸਾਰਪਥ ਦੀ ਇੱਕ ਵਿਧਵਾ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ।
27 ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਸੀਰੀਯਾ ਦਾ, ਸਿਰਫ਼ ਨਾਮਾਨ ਹੀ ਸ਼ੁੱਧ ਕੀਤਾ ਗਿਆ।
28 ਸੋ ਜਿਹੜੇ ਪ੍ਰਾਰਥਨਾ ਘਰ ਵਿੱਚ ਸਨ, ਇਹ ਗੱਲਾਂ ਸੁਣਦੇ ਹੀ ਕ੍ਰੋਧ ਨਾਲ ਭਰ ਗਏ।
29 ਅਤੇ ਉਹਨਾਂ ਨੇ ਉੱਠ ਕੇ ਉਸ ਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ, ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਬਣਿਆ ਹੋਇਆ ਸੀ ਲੈ ਗਏ ਤਾਂ ਜੋ ਉਸ ਨੂੰ ਸਿਰ ਪਰਨੇ ਸੁੱਟ ਦੇਣ।
30 ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਆਪਣੇ ਰਸਤੇ ਚੱਲਿਆ ਗਿਆ।
31 ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਸਭਾ ਘਰ ਵਿੱਚ ਉਪਦੇਸ਼ ਦੇਣ ਲੱਗਾ।
32 ਉਹ ਉਸ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋਏ ਕਿਉਂ ਜੋ ਉਹ ਅਧਿਕਾਰ ਨਾਲ ਬਚਨ ਬੋਲਦਾ ਸੀ।
ਲੂਕਾ 4 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ