18 ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ!
19 ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ।
20 ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ।
21 ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ! ਸਲੀਬ ਚੜਾਓ!
22 ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ।
23 ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ।
24 ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ।
25 ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।
26 ਜਦ ਉਹ ਯਿਸੂ ਨੂੰ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜੋ ਪਿੰਡੋਂ ਆਉਂਦਾ ਸੀ, ਫੜ੍ਹ ਕੇ ਉਸ ਦੇ ਮੋਢੇ ਉੱਤੇ ਸਲੀਬ ਰੱਖੀ ਜੋ ਉਹ ਯਿਸੂ ਦੇ ਮਗਰ ਲੈ ਚੱਲੇ।
27 ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਸ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ।
28 ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ।
29 ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ, ਜਿਨ੍ਹਾਂ ਵਿੱਚ ਆਖਣਗੇ, ਕਿ ਧੰਨ ਹਨ ਬਾਂਝ ਔਰਤਾਂ, ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਨਮ ਨਹੀਂ ਦਿੱਤਾ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।
30 ਤਦ ਉਹ ਪਹਾੜਾਂ ਨੂੰ ਆਖਣਗੇ ਕਿ ਸਾਡੇ ਉੱਤੇ ਡਿੱਗ ਪਓ! ਅਤੇ ਟਿੱਲਿਆਂ ਨੂੰ ਜੋ ਸਾਨੂੰ ਢੱਕ ਲਓ!
31 ਕਿਉਂਕਿ ਜਦ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਕੁਝ ਨਾ ਹੋਵੇਗਾ?
32 ਹੋਰ ਦੋ ਮਨੁੱਖਾਂ ਨੂੰ ਵੀ ਜੋ ਅਪਰਾਧੀ ਸਨ, ਉਸ ਦੇ ਨਾਲ ਸਲੀਬ ਚੜ੍ਹਾਉਣ ਲਈ ਲੈ ਕੇ ਜਾਂਦੇ ਸਨ।
33 ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ।