40 ਅਤੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ।
41 ਤਾਂ ਇਸ ਤਰ੍ਹਾਂ ਹੋਇਆ, ਕਿ ਜਦ ਇਲੀਸਬਤ ਨੇ ਮਰਿਯਮ ਦਾ ਨਮਸਕਾਰ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ।
42 ਅਤੇ ਉਹ ਉੱਚੀ ਅਵਾਜ਼ ਨਾਲ ਬੋਲੀ, ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ।
43 ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ?
44 ਵੇਖ, ਤੇਰੇ ਨਮਸਕਾਰ ਦੀ ਅਵਾਜ਼ ਮੇਰੇ ਕੰਨ ਵਿੱਚ ਪੈਂਦਿਆਂ ਹੀ, ਬੱਚਾ ਮੇਰੀ ਕੁੱਖ ਵਿੱਚ ਅਨੰਦ ਦੇ ਕਾਰਨ ਉੱਛਲ ਪਿਆ।
45 ਅਤੇ ਧੰਨ ਹੈ ਉਹ ਜਿਸ ਨੇ ਵਿਸ਼ਵਾਸ ਕੀਤਾ ਕਿ ਜਿਹੜੀਆਂ ਗੱਲਾਂ ਪ੍ਰਭੂ ਦੇ ਵੱਲੋਂ ਉਸ ਨੂੰ ਆਖੀਆਂ ਗਈਆਂ, ਉਹ ਪੂਰੀਆਂ ਹੋਣਗੀਆਂ।
46 ਤਦ ਮਰਿਯਮ ਨੇ ਆਖਿਆ, “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ,
47 ਅਤੇ ਮੇਰੀ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਅਨੰਦ ਹੋਈ,
48 ਕਿਉਂ ਜੋ ਉਸ ਨੇ ਆਪਣੀ ਦਾਸੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ”। ਵੇਖੋ ਤਾਂ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,
49 ਕਿਉਂ ਜੋ ਉਸ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ।
50 ਜਿਹੜੇ ਉਸ ਦਾ ਡਰ ਰੱਖਦੇ ਹਨ, ਉਨ੍ਹਾਂ ਉੱਤੇ ਉਸ ਦੀ ਦਯਾ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ।
51 ਉਸ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ।
52 ਉਸ ਨੇ ਬਲਵੰਤਾਂ ਨੂੰ ਸਿੰਘਾਸਣ ਤੋਂ ਗਿਰਾ ਦਿੱਤਾ, ਅਤੇ ਕਮਜ਼ੋਰਾਂ ਨੂੰ ਉੱਚਿਆਂ ਕੀਤਾ।
53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖਾਲੀ ਹੱਥ ਕੱਢ ਦਿੱਤਾ।
54 ਉਸ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਤਾਂ ਕਿ ਉਹ ਆਪਣੇ ਰਹਿਮ ਨੂੰ ਯਾਦ ਕਰੇ,