34 ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਪੁਰਸ਼ ਨੂੰ ਜਾਣਦੀ ਹੀ ਨਹੀਂ।
35 ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।
36 ਅਤੇ ਵੇਖ ਤੇਰੀ ਰਿਸ਼ਤੇਦਾਰ ਇਲੀਸਬਤ, ਜਿਹੜੀ ਬਾਂਝ ਕਹਾਉਂਦੀ ਸੀ, ਉਸ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਉਸ ਦਾ ਇਹ ਛੇਵਾਂ ਮਹੀਨਾ ਹੈ।
37 ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ।
38 ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ। ਤਦ ਦੂਤ ਉਸ ਦੇ ਕੋਲੋਂ ਚੱਲਿਆ ਗਿਆ।
39 ਉਨ੍ਹੀਂ ਦਿਨੀਂ ਮਰਿਯਮ ਛੇਤੀ ਨਾਲ ਉੱਠ ਕੇ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ।
40 ਅਤੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ।