16 ਅਤੇ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਪਰਮੇਸ਼ੁਰ ਦੀ ਵੱਲ ਮੋੜ ਲਿਆਵੇਗਾ।
17 ਉਹ ਉਨ੍ਹਾਂ ਦੇ ਅੱਗੇ-ਅੱਗੇ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਨਾਲ ਚੱਲੇਗਾ ਤਾਂ ਜੋ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੀ ਵੱਲ ਅਤੇ ਆਗਿਆ ਨਾ ਮੰਨਣ ਵਾਲਿਆ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ, ਜੋ ਪ੍ਰਭੂ ਦੇ ਯੋਗ ਕੌਮ ਨੂੰ ਤਿਆਰ ਕਰੇ।
18 ਤਦ ਜ਼ਕਰਯਾਹ ਨੇ ਸਵਰਗ ਦੂਤ ਨੂੰ ਆਖਿਆ, ਮੈਂ ਇਹ ਕਿਵੇਂ ਵਿਸ਼ਵਾਸ ਕਰਾਂ ਕਿਉਂਕਿ ਮੈਂ ਵੱਡੀ ਉਮਰ ਦਾ ਹਾਂ ਅਤੇ ਮੇਰੀ ਪਤਨੀ ਬਜ਼ੁਰਗ ਹੈ?
19 ਸਵਰਗ ਦੂਤ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ ਅਤੇ ਤੇਰੇ ਨਾਲ ਗੱਲਾਂ ਕਰਨ ਅਤੇ ਖੁਸ਼ੀ ਦੀ ਖ਼ਬਰ ਦੱਸਣ ਵਾਸਤੇ ਭੇਜਿਆ ਗਿਆ ਹਾਂ।
20 ਵੇਖ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਇਸ ਕਾਰਨ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਿਹੜੀਆਂ ਆਪਣੇ ਸਮੇਂ ਤੇ ਪੂਰੀਆਂ ਹੋਣਗੀਆਂ।
21 ਅਤੇ ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਭਵਨ ਵਿੱਚ ਉਸ ਦੇ ਵੱਧ ਸਮਾਂ ਲਾਉਣ ਕਰਕੇ ਹੈਰਾਨ ਹੁੰਦੇ ਸਨ।
22 ਪਰ ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸਕਿਆ ਅਤੇ ਉਨ੍ਹਾਂ ਜਾਣਿਆ ਜੋ ਉਸ ਨੇ ਹੈਕਲ ਵਿੱਚ ਕੋਈ ਦਰਸ਼ਣ ਵੇਖਿਆ ਹੈ ਅਤੇ ਉਹ ਉਨ੍ਹਾਂ ਨੂੰ ਇਸ਼ਾਰਿਆ ਨਾਲ ਦੱਸਦਾ ਸੀ ਅਤੇ ਗੂੰਗਾ ਹੋ ਗਿਆ।
23 ਤਾਂ ਇਹ ਹੋਇਆ ਕਿ ਭਵਨ ਵਿੱਚ ਆਪਣੀ ਸੇਵਾ ਦੇ ਦਿਨ ਪੂਰੇ ਕਰਕੇ ਉਹ ਆਪਣੇ ਘਰ ਵਾਪਸ ਚੱਲਿਆ ਗਿਆ।
24 ਫਿਰ ਉਨ੍ਹਾਂ ਦਿਨਾਂ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਪੰਜ ਮਹੀਨਿਆਂ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਛੁਪਾਇਆ,
25 “ਕਿ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਮੇਰੇ ਉੱਤੇ ਨਿਗਾਹ ਕੀਤੀ ਅਤੇ ਮੇਰੇ ਨਾਲ ਇਹ ਕੀਤਾ ਹੈ ਜੋ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਨੂੰ ਖ਼ਤਮ ਕਰ ਦੇਵੇ।”