1 ਇਸ ਲਈ ਬਹੁਤਿਆਂ ਲੋਕਾਂ ਨੇ, ਉਨ੍ਹਾਂ ਗੱਲਾਂ ਦਾ ਇਤਹਾਸ ਲਿਖਣ ਦਾ ਫੈਸਲਾ ਕੀਤਾ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ।
2 ਜਿਵੇਂ ਉਨ੍ਹਾਂ ਨੇ ਸਾਨੂੰ ਦੱਸਿਆ ਜਿਹੜੇ ਸ਼ੁਰੂਆਤ ਤੋਂ ਚਸ਼ਮਦੀਦ ਗਵਾਹ ਅਤੇ ਬਚਨ ਦੇ ਸੇਵਕ ਸਨ।
3 ਹੇ ਆਦਰਯੋਗ ਥਿਉਫ਼ਿਲੁਸ ਮੈਂ ਵੀ ਪੂਰੇ ਯਤਨ ਨਾਲ ਖੋਜ ਕਰਕੇ ਇਸ ਗੱਲ ਨੂੰ ਚੰਗਾ ਸਮਝਿਆ ਜੋ ਤੇਰੇ ਲਈ ਸਾਰੀ ਵਾਰਤਾ ਜਿਵੇਂ ਹੋਈ, ਉਸੇ ਤਰ੍ਹਾਂ ਲਿਖਾਂ।
4 ਕਿ ਤੂੰ ਉਨ੍ਹਾਂ ਗੱਲਾਂ ਦੀ ਸਚਿਆਈ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ।
5 ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਸਮੇਂ ਅਬੀਯਾਹ ਦੇ ਦਲ ਵਿੱਚੋਂ, ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ ਅਤੇ ਉਸ ਦੀ ਪਤਨੀ ਇਲੀਸਬਤ ਹਾਰੂਨ ਦੇ ਘਰਾਣੇ ਦੀ ਸੀ।
6 ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ।
7 ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ।
8 ਇਸ ਤਰ੍ਹਾਂ ਹੋਇਆ ਕਿ ਜਦ ਉਹ ਪਰਮੇਸ਼ੁਰ ਦੇ ਹਜ਼ੂਰ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰ ਰਿਹਾ ਸੀ।
9 ਤਦ ਜਾਜਕ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ, ਜੋ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ।
10 ਧੂਪ ਧੁਖਾਉਣ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।
11 ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਨਜ਼ਰ ਆਇਆ।
12 ਅਤੇ ਜ਼ਕਰਯਾਹ ਇਹ ਵੇਖ ਕੇ ਡਰ ਗਿਆ ਤੇ ਘਬਰਾ ਗਿਆ।
13 ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ।