Text copied!
Bibles in Panjabi

ਲੂਕਾ 11:4-27 in Panjabi

Help us?

ਲੂਕਾ 11:4-27 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

4 ਸਾਡੇ ਪਾਪ ਸਾਨੂੰ ਮਾਫ਼ ਕਰੋ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।
5 ਫਿਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਸ ਦੇ ਕੋਲ ਜਾ ਕੇ ਉਸ ਨੂੰ ਕਹੇ, ਮਿਤੱਰ ਮੈਨੂੰ ਤਿੰਨ ਰੋਟੀਆਂ ਉਧਾਰ ਦੇ।
6 ਕਿਉਂ ਜੋ ਮੇਰਾ ਇੱਕ ਮਿੱਤਰ ਦੂਰੋਂ ਸਫ਼ਰ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਉਸ ਨੂੰ ਭੋਜਨ ਕਰਾਉਣ ਵਾਸਤੇ ਕੁਝ ਵੀ ਨਹੀਂ ਹੈ।
7 ਅਤੇ ਉਹ ਅੰਦਰੋਂ ਉੱਤਰ ਦੇਵੇ ਕਿ ਮੈਨੂੰ ਤੰਗ ਨਾ ਕਰ, ਮੈਂ ਬੂਹਾ ਬੰਦ ਕਰ ਚੁੱਕਾ ਹਾਂ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਉੱਤੇ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।
8 ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਸ ਦਾ ਮਿੱਤਰ ਹੋਣ ਕਰਕੇ, ਉਹ ਉੱਠ ਕੇ ਉਸ ਨੂੰ ਕੁਝ ਨਾ ਦੇਵੇ ਪਰ ਉਸ ਦੀ ਜਿੱਦ ਦੇ ਕਾਰਨ ਉਹ ਉੱਠੇਗਾ ਅਤੇ ਉਸ ਦੀ ਲੋੜ ਦੇ ਅਨੁਸਾਰ ਉਸ ਨੂੰ ਰੋਟੀਆਂ ਦੇਵੇਗਾ।
9 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
10 ਕਿਉਂਕਿ ਹਰੇਕ ਜਿਹੜਾ ਮੰਗਦਾ ਹੈ, ਉਸ ਨੂੰ ਦਿੱਤਾ ਜਾਂਦਾ ਹੈ ਅਤੇ ਜਿਹੜਾ ਲੱਭਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ।
11 ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਤਾ ਹੈ ਜਦ ਉਸ ਦਾ ਪੁੱਤਰ ਮੱਛੀ ਮੰਗੇ ਤਾਂ ਉਸ ਨੂੰ ਮੱਛੀ ਦੀ ਥਾਂ ਸੱਪ ਦੇਵੇਗਾ?
12 ਜੇਕਰ ਅੰਡਾ ਮੰਗੇ ਤਾਂ ਕਿ ਉਹ ਆਪਣੇ ਪੁੱਤਰ ਨੂੰ ਬਿੱਛੂ ਦੇਵੇਗਾ?
13 ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!।
14 ਫਿਰ ਯਿਸੂ ਨੇ ਇੱਕ ਗੁੰਗੇ ਭੂਤ ਨੂੰ ਕੱਢਿਆ ਅਤੇ ਇਹ ਹੋਇਆ ਕਿ ਜਦ ਉਹ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਹੋਏ।
15 ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਖਿਆ ਕਿ ਉਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।
16 ਅਤੇ ਕਈਆਂ ਨੇ ਉਸ ਨੂੰ ਪਰਖਣ ਲਈ ਅਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ।
17 ਪਰ ਯਿਸੂ ਨੇ ਉਨ੍ਹਾਂ ਦੇ ਮਨ ਦੀਆਂ ਗੱਲਾਂ ਜਾਣ ਕੇ ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਉਹ ਉੱਜੜ ਜਾਂਦਾ ਹੈ ਅਤੇ ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਨਾਸ਼ ਹੋ ਜਾਂਦਾ ਹੈ।
18 ਇਸ ਲਈ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ। ਤੁਸੀਂ ਆਖਦੇ ਹੋ ਕਿ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ।
19 ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਬਸ, ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ।
20 ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ।
21 ਜਦ ਕੋਈ ਜ਼ੋਰਾਵਰ ਆਦਮੀ ਹਥਿਆਰ ਬੰਨ੍ਹੀਂ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ ਬਚਿਆ ਰਹਿੰਦਾ ਹੈ।
22 ਪਰ ਜੇਕਰ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਸ ਨੂੰ ਜਿੱਤ ਲਵੇ ਅਤੇ ਉਸ ਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ, ਖੋਹ ਲੈਂਦਾ ਹੈ ਅਤੇ ਉਸ ਦਾ ਮਾਲ ਲੁੱਟ ਲੈਂਦਾ ਹੈ।
23 ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
24 ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ। ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ।
25 ਅਤੇ ਆਣ ਕੇ ਉਸ ਘਰ ਨੂੰ ਸਾਫ਼ ਸੁਥਰਾ ਵੇਖਦਾ ਹੈ।
26 ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ।
27 ਅਤੇ ਇਹ ਹੋਇਆ ਕਿ ਜਦ ਯਿਸੂ ਇਹ ਗੱਲਾਂ ਕਰ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, ਕਿ ਧੰਨ ਹੈ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਤੈਨੂੰ ਚੁੰਘਾਇਆ ਹੈ!
ਲੂਕਾ 11 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ