Text copied!
Bibles in Panjabi

ਲੂਕਾ 11:37-52 in Panjabi

Help us?

ਲੂਕਾ 11:37-52 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

37 ਜਦ ਯਿਸੂ ਗੱਲ ਕਰ ਹੀ ਰਿਹਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਬੇਨਤੀ ਕੀਤੀ ਕਿ ਮੇਰੇ ਘਰ ਭੋਜਨ ਕਰਨ ਲਈ ਚੱਲੋ। ਤਦ ਯਿਸੂ ਉਨ੍ਹਾਂ ਨਾਲ ਭੋਜਨ ਕਰਨ ਬੈਠਾ।
38 ਉਸ ਫ਼ਰੀਸੀ ਆਦਮੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ-ਪੈਰ ਨਹੀਂ ਧੋਤੇ।
39 ਤਦ ਪ੍ਰਭੂ ਨੇ ਉਸ ਨੂੰ ਆਖਿਆ, ਤੁਸੀਂ ਫ਼ਰੀਸੀ ਲੋਕ ਥਾਲੀਆਂ ਅਤੇ ਪਿਆਲਿਆਂ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹੋ, ਪਰ ਤੁਹਾਡੇ ਸਰੀਰ ਦੇ ਅੰਦਰ ਲੋਭ ਅਤੇ ਬੁਰਿਆਈ ਭਰੀ ਹੋਈ ਹੈ।
40 ਹੇ ਮੂਰਖੋ, ਜਿਸ ਪਰਮੇਸ਼ੁਰ ਨੇ ਬਾਹਰ ਦੇ ਹਿੱਸੇ ਨੂੰ ਬਣਾਇਆ ਭਲਾ ਉਸ ਨੇ ਅੰਦਰ ਦੇ ਭਾਗ ਨੂੰ ਨਹੀਂ ਬਣਾਇਆ?
41 ਅੰਦਰਲੀਆਂ ਚੀਜ਼ਾਂ ਨੂੰ ਸ਼ੁੱਧ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੋ ਜਾਵੇਗਾ।
42 ਪਰ ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਪਾਤ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੰਦੇ ਹੋ ਪਰ ਪਰਮੇਸ਼ੁਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ ਪਰ ਚੰਗਾ ਹੁੰਦਾ ਕਿ ਇਨ੍ਹਾਂ ਗੱਲਾਂ ਨੂੰ ਵੀ ਮੰਨਦੇ।
43 ਤੁਸੀਂ ਫ਼ਰੀਸੀਆਂ ਉੱਤੇ ਹਾਏ! ਕਿਉਂ ਜੋ ਤੁਸੀਂ ਪ੍ਰਾਰਥਨਾ ਘਰ ਵਿੱਚ ਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ।
44 ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜੋ ਦਿਖਾਈ ਨਹੀਂ ਦਿੰਦੀਆਂ ਅਤੇ ਲੋਕੀ ਉਨ੍ਹਾਂ ਉੱਤੋਂ ਅਣਜਾਣੇ ਚੱਲਦੇ ਫਿਰਦੇ ਹਨ।
45 ਉਪਦੇਸ਼ਕਾਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਬੋਲ ਕੇ ਤੁਸੀਂ ਸਾਡੀ ਨਿੰਦਿਆ ਕਰਦੇ ਹੋ।
46 ਪਰ ਉਸ ਨੇ ਆਖਿਆ, ਉਪਦੇਸ਼ਕਾਂ ਉੱਤੇ ਵੀ ਹਾਏ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਪਰ ਤੁਸੀਂ ਆਪ ਆਪਣੀ ਇੱਕ ਉਂਗਲ ਵੀ ਉਸ ਭਾਰ ਨੂੰ ਚੁੱਕਣ ਵਾਸਤੇ ਨਹੀਂ ਲਾਉਂਦੇ ਹੋ।
47 ਹਾਏ ਤੁਹਾਡੇ ਉੱਤੇ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਤੁਹਾਡਿਆਂ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ।
48 ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਉ-ਦਾਦਿਆਂ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਹਨ, ਇਸ ਲਈ ਜੋ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਉਹਨਾਂ ਦੀਆਂ ਕਬਰਾਂ ਬਣਾਉਂਦੇ ਹੋ।
49 ਇਸ ਲਈ ਪਰਮੇਸ਼ੁਰ ਦੇ ਗਿਆਨ ਨੇ ਵੀ ਆਖਿਆ ਕਿ ਮੈਂ ਉਨ੍ਹਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ ਅਤੇ ਉਹ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਣਗੇ ਅਤੇ ਅੱਤਿਆਚਾਰ ਕਰਨਗੇ।
50 ਸਭਨਾਂ ਨਬੀਆਂ ਦਾ ਖੂਨ ਜੋ ਜਗਤ ਦੀ ਉਤਪਤੀ ਤੋਂ ਵਹਾਇਆ ਗਿਆ ਹੈ, ਉਹਨਾਂ ਸਭਨਾਂ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ।
51 ਹਾਬਲ ਦੇ ਖੂਨ ਤੋਂ ਲੈ ਕੇ ਜ਼ਕਰਯਾਹ ਦੇ ਖੂਨ ਤੱਕ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਸੀ। ਮੈਂ ਤੁਹਾਨੂੰ ਸੱਚ ਆਖਦਾ, ਉਸ ਦਾ ਬਦਲਾ ਇਸ ਪੀੜ੍ਹੀ ਤੋਂ ਲਿਆ ਜਾਵੇਗਾ। ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀੜ੍ਹੀ ਤੋਂ ਲਿਆ ਜਾਵੇਗਾ।
52 ਉਪਦੇਸ਼ਕਾਂ ਉੱਤੇ ਹਾਏ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਤਾਂ ਪ੍ਰਾਪਤ ਕੀਤੀ ਹੈ। ਨਾ ਤੁਸੀਂ ਆਪ ਵੜੇ ਅਤੇ ਸਗੋਂ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ।
ਲੂਕਾ 11 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ