5 ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।
6 ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ।
7 ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ।
8 ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ।
9 ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਸਦਾ ਨਹੀਂ ਹੈ।
10 ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ।
11 ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।
12 ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ।
13 ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ।
14 ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ।
15 ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ।
16 ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ।
17 ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ।