17 ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ।
18 ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ।
19 ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ।
20 ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ।
21 ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ।
22 ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।
23 ਅਤੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੇ ਰੂਪ ਵਿੱਚ ਬਦਲ ਦਿੱਤਾ।