Text copied!
Bibles in Panjabi

ਰਸੂਲਾਂ ਦੇ ਕਰਤੱਬ 9:1-19 in Panjabi

Help us?

ਰਸੂਲਾਂ ਦੇ ਕਰਤੱਬ 9:1-19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਂਦਾ ਅਤੇ ਉਹਨਾਂ ਦਾ ਕਤਲ ਕਰਦਾ, ਪ੍ਰਧਾਨ ਜਾਜਕ ਦੇ ਕੋਲ ਗਿਆ।
2 ਅਤੇ ਉਸ ਦੇ ਕੋਲੋਂ ਦੰਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਮ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹਨਾਂ ਨੂੰ ਬੰਨ ਕੇ, ਯਰੂਸ਼ਲਮ ਵਿੱਚ ਲਿਆਵਾਂ।
3 ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸ਼ਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ,
4 ਤਾਂ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ, ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?
5 ਉਸ ਨੇ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ? ਉਸ ਨੇ ਕਿਹਾ, ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ।
6 ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ।
7 ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ, ਉਹ ਚੁੱਪ-ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ।
8 ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਲਿਆਏ।
9 ਅਤੇ ਉਹ ਤਿੰਨ ਦਿਨ ਤੱਕ ਕੁਝ ਵੇਖ ਨਾ ਸਕਿਆ ਅਤੇ ਨਾ ਕੁਝ ਖਾਧਾ ਨਾ ਪੀਤਾ।
10 ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, ਹਨਾਨਿਯਾਹ! ਉਸ ਨੇ ਆਖਿਆ, ਪ੍ਰਭੂ ਜੀ ਵੇਖ, ਮੈਂ ਹਾਜ਼ਰ ਹਾਂ।
11 ਤਾਂ ਪ੍ਰਭੂ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜਾ ਜੋ “ਸਿੱਧੀ” ਕਹਾਉਂਦੀ ਹੈ, ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ।
12 ਅਤੇ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ।
13 ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਬਹੁਤ ਬੁਰਿਆਈ ਕੀਤੀ ਹੈ!
14 ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ।
15 ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ।
16 ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ।
17 ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।
18 ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ ਅਤੇ ਭੋਜਨ ਖਾਧਾ ਅਤੇ ਬਲ ਪ੍ਰਾਪਤ ਕੀਤਾ।
19 ਫੇਰ ਉਹ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ।
ਰਸੂਲਾਂ ਦੇ ਕਰਤੱਬ 9 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ