23 ਜਦੋਂ ਉਹ ਚਾਲ੍ਹੀ ਸਾਲਾਂ ਦਾ ਹੋਣ ਲੱਗਾ, ਤਦ ਉਹ ਦੇ ਮਨ ਵਿੱਚ ਆਇਆ ਕਿ ਮੈਂ ਜਾ ਕੇ ਆਪਣੇ ਇਸਰਾਏਲੀ ਭਰਾਵਾਂ ਦੀ ਖ਼ਬਰ ਲਵਾਂ।
24 ਤਦ ਉਸ ਨੇ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਹੁੰਦਾ ਵੇਖਿਆ, ਤਾਂ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਇਸਰਾਏਲੀ ਮਨੁੱਖ ਦਾ ਬਦਲਾ ਲੈ ਲਿਆ।
25 ਤਾਂ ਉਸ ਨੇ ਸੋਚਿਆ ਕਿ ਮੇਰੇ ਭਰਾਂ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ।
26 ਫਿਰ ਦੂਜੇ ਦਿਨ ਜਦੋਂ ਉਹ ਆਪਸ ਵਿੱਚ ਲੜਦੇ ਸਨ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਰਾ ਭਰਾ ਹੋ। ਫਿਰ ਕਿਉਂ ਇੱਕ ਦੂਜੇ ਨਾਲ ਲੜਦੇ ਹੋ?
27 ਪਰ ਜਿਹੜਾ ਆਪਣੇ ਗੁਆਂਢੀ ਦੇ ਨਾਲ ਲੜਦਾ ਸੀ ਉਸ ਨੇ ਉਹ ਨੂੰ ਧੱਕਾ ਮਾਰ ਕੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਨਿਆਈਂ ਬਣਾਇਆ ਹੈ?
28 ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰ ਦਿੱਤਾ ਸੀ?
29 ਇਸ ਗੱਲ ਨੂੰ ਸੁਣ ਕੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਹਿਣ ਲੱਗਾ। ਉੱਥੇ ਉਹ ਦੇ ਦੋ ਪੁੱਤਰ ਹੋਏ।
30 ਅਤੇ ਜਦੋਂ ਚਾਲ੍ਹੀ ਸਾਲ ਬੀਤ ਗਏ ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਉਹ ਨੂੰ ਵਿਖਾਈ ਦਿੱਤਾ।
31 ਮੂਸਾ ਨੇ ਉਸ ਦਰਸ਼ਣ ਨੂੰ ਦੇਖ ਕੇ ਅਚਰਜ਼ ਮੰਨਿਆ ਅਤੇ ਜਦੋਂ ਦੇਖਣ ਲਈ ਨੇੜੇ ਗਿਆ ਤਾਂ ਪ੍ਰਭੂ ਦੀ ਅਵਾਜ਼ ਆਈ।
32 ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ, ਤਦ ਮੂਸਾ ਕੰਬ ਉੱਠਿਆ ਅਤੇ ਦੇਖਣ ਦਾ ਹੌਂਸਲਾ ਨਾ ਕਰ ਸਕਿਆ।