12 ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ਼ ਹੈ ਤਾਂ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ।
13 ਅਤੇ ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕੀਤਾ, ਅਤੇ ਫ਼ਿਰਊਨ ਨੂੰ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ।
14 ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਘਰਾਣੇ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ।
15 ਯਾਕੂਬ ਮਿਸਰ ਨੂੰ ਗਿਆ ਅਤੇ ਉਹ ਆਪ ਮਰ ਗਿਆ ਅਤੇ ਸਾਡੇ ਪਿਉ-ਦਾਦੇ ਵੀ।
16 ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਅਤੇ ਉਸ ਕਬਰਸਤਾਨ ਵਿੱਚ ਦੱਬੇ ਗਏ ਜੋ ਹਮੋਰ ਦੇ ਪੁੱਤਰਾਂ ਤੋਂ ਮੁੱਲ ਲਿਆ ਸੀ।
17 ਪਰ ਜਦੋਂ ਉਸ ਵਾਇਦੇ ਦੇ ਪੂਰੇ ਹੋਣ ਦਾ ਸਮਾਂ ਆਇਆ ਜੋ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਉਹ ਲੋਕ ਮਿਸਰ ਵਿੱਚ ਬਹੁਤ ਵਧਣ ਲੱਗੇ।
18 ਉਸ ਸਮੇਂ ਮਿਸਰ ਵਿੱਚ ਇੱਕ ਹੋਰ ਰਾਜਾ ਬਣਿਆ, ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ।
19 ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰ ਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ, ਕਿ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।
20 ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਉਹ ਤਿੰਨ ਮਹੀਨਿਆਂ ਤੱਕ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ।
21 ਅਤੇ ਜਦੋਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ।