26 ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ, ਉਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।
27 ਅਤੇ ਉਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਪ੍ਰਧਾਨ ਜਾਜਕ ਨੇ ਉਹਨਾਂ ਨੂੰ ਪੁੱਛਿਆ।
28 ਅਸੀਂ ਤਾਂ ਤੁਹਾਨੂੰ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਦੇਣਾ, ਫਿਰ ਵੀ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਇਹ ਚਾਹੁੰਦੇ ਹੋ, ਕਿ ਇਸ ਮਨੁੱਖ ਦਾ ਖੂਨ ਸਾਡੇ ਉੱਤੇ ਆ ਜਾਵੇ।
29 ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ੁਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ।
30 ਸਾਡੇ ਬਾਪ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ।
31 ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ।
32 ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ ਹੈ।
33 ਇਹ ਸੁਣ ਕੇ ਉਹ ਗੁੱਸੇ ਨਾਲ ਭਰ ਗਏ ਅਤੇ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ।