12 ਇਸ ਲਈ ਬਹੁਤ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਪਤਵੰਤੀ ਯੂਨਾਨੀ ਇਸਤ੍ਰੀਆਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ।
13 ਪਰ ਜਦੋਂ ਥਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਕਿ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆ ਕੇ ਲੋਕਾਂ ਨੂੰ ਭਰਮਾਉਣ ਅਤੇ ਡਰਾਉਣ ਲੱਗੇ।
14 ਤਦ ਭਰਾਵਾਂ ਨੇ ਪੌਲੁਸ ਨੂੰ ਵਿਦਿਆ ਕੀਤਾ ਕਿ ਸਮੁੰਦਰ ਤੱਕ ਜਾਵੇ ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ।
15 ਪਰ ਪੌਲੁਸ ਦੇ ਪਹੁੰਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤੱਕ ਲਿਆਏ, ਸੀਲਾਸ ਅਤੇ ਤਿਮੋਥਿਉਸ ਦੇ ਲਈ ਹੁਕਮ ਲੈ ਕੇ, ਕਿ ਜਿਸ ਤਰ੍ਹਾਂ ਵੀ ਹੋ ਸਕੇ ਜਲਦੀ ਉਹ ਦੇ ਕੋਲ ਆ ਜਾਣ, ਅਤੇ ਉਹ ਤੁਰ ਪਏ।
16 ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ, ਤਦ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਆਤਮਾ ਜਲ ਗਿਆ।
17 ਇਸ ਲਈ ਉਹ ਪ੍ਰਾਰਥਨਾ ਘਰਾਂ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ਼ ਬਜ਼ਾਰ ਵਿੱਚ ਉਨ੍ਹਾਂ ਲੋਕਾਂ ਨਾਲ ਜੋ ਉਸ ਨੂੰ ਮਿਲਦੇ ਸਨ, ਵਾਦ-ਵਿਵਾਦ ਕਰਦਾ ਸੀ।
18 ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ।