7 ਅਤੇ ਜਦੋਂ ਬਹੁਤ ਵਿਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ, ਜੋ ਪਰਾਈਆਂ ਕੌਮਾਂ ਮੇਰੀ ਜ਼ੁਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਵਿਸ਼ਵਾਸ ਕਰਨ।
8 ਅਤੇ ਪਰਮੇਸ਼ੁਰ ਨੇ ਜੋ ਮਨਾਂ ਦਾ ਜਾਚਣ ਵਾਲਾ ਹੈ, ਉਹਨਾਂ ਨੂੰ ਵੀ ਸਾਡੀ ਤਰ੍ਹਾਂ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ।
9 ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭੇਦਭਾਵ ਨਾ ਰੱਖਿਆ।
10 ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ, ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਸ ਨੂੰ ਨਾ ਸਾਡੇ ਪਿਉ-ਦਾਦੇ, ਨਾ ਅਸੀਂ ਚੁੱਕ ਸਕੇ?
11 ਪਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹ ਵੀ ਮੁਕਤੀ ਪਾ ਗਏ ਅਸੀਂ ਵੀ ਪ੍ਰਭੂ ਯਿਸੂ ਦੀ ਕਿਰਪਾ ਨਾਲ ਮੁਕਤੀ ਪਾਵਾਂਗੇ।