Text copied!
Bibles in Panjabi

ਯੂਹੰਨਾ 8:3-22 in Panjabi

Help us?

ਯੂਹੰਨਾ 8:3-22 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਬਚਨ ਬੋਲੇ। ਤਦ ਉਪਦੇਸ਼ਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਵਿਭਚਾਰ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਵਿਚਕਾਰ ਖੜੀ ਕੀਤਾ।
4 ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ
5 ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”
6 ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ।
7 ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।”
8 ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁਝ ਲਿਖਣ ਲੱਗ ਪਿਆ।
9 ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ।
10 ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”
11 ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ।”
12 ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
13 ਪਰ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾਂ ਸਿਰਫ਼ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹਨ, ਇਸ ਲਈ ਅਸੀਂ ਉਹ ਨਹੀਂ ਕਬੂਲ ਕਰਦੇ ਜੋ ਤੂੰ ਆਖ ਰਿਹਾ ਹੈਂ।”
14 ਯਿਸੂ ਨੇ ਉੱਤਰ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਂਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਵਾਂਗਾ।
15 ਤੁਸੀਂ ਲੋਕ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।
16 ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ।
17 ਤੁਹਾਡੀ ਬਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ।
18 ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ ਹੈ।”
19 ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
20 ਯਿਸੂ ਨੇ ਇਹ ਗੱਲਾਂ ਉਸ ਵੇਲੇ ਆਖੀਆਂ ਜਦੋਂ ਉਹ ਹੈਕਲ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਭੰਡਾਰ ਘਰ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਫੜਿਆ ਨਹੀਂ ਕਿਉਂਕਿ ਅਜੇ ਯਿਸੂ ਦਾ ਸਮਾਂ ਨਹੀਂ ਆਇਆ ਸੀ।
21 ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ।”
22 ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸਕਦੇ।”
ਯੂਹੰਨਾ 8 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ