7 ਯਿਸੂ ਨੇ ਉਨ੍ਹਾਂ ਸੇਵਕਾਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨਕੋ-ਨੱਕ ਭਰ ਦਿੱਤਾ।
8 ਫਿਰ ਯਿਸੂ ਨੇ ਸੇਵਕਾਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਅਵਤ ਦੇ ਮੁਖੀ ਨੂੰ ਦੇ ਦਿਉ।” ਸੋ ਉਨ੍ਹਾਂ ਸੇਵਕਾਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ।
9 ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ। ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ।
10 ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ।”
11 ਇਹ ਪਹਿਲਾ ਚਮਤਕਾਰ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਿਮਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
12 ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸ ਦੀ ਮਾਤਾ, ਉਸ ਦੇ ਭਰਾ, ਅਤੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
13 ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ, ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਹੈਕਲ ਨੂੰ ਗਿਆ।