Text copied!
Bibles in Panjabi

ਯੂਹੰਨਾ 19:16-34 in Panjabi

Help us?

ਯੂਹੰਨਾ 19:16-34 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਸਿਪਾਹੀ ਯਿਸੂ ਨੂੰ ਲੈ ਗਏ।
17 ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ।
18 ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ, ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰਾ ਇੱਕ ਪਾਸੇ ਅਤੇ ਯਿਸੂ ਵਿਚਾਲੇ।
19 ਪਿਲਾਤੁਸ ਨੇ ਇੱਕ ਦੋਸ਼ ਪੱਤ੍ਰੀ ਲਿਖਵਾ ਕੇ ਸਲੀਬ ਉੱਪਰ ਲਾਈ ਜਿਸ ਉੱਤੇ ਇਹ ਲਿਖਿਆ ਹੋਇਆ ਸੀ “ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।”
20 ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਸ ਪੱਟੀ ਨੂੰ ਪੜਿਆ, ਕਿਉਂਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸ਼ਹਿਰ ਦੇ ਨੇੜੇ ਹੀ ਸੀ।
21 ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ਉਹ ਯਹੂਦੀਆ ਦਾ ਰਾਜਾ ਹੈ। ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”
22 ਪਿਲਾਤੁਸ ਨੇ ਕਿਹਾ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸਕਦਾ।”
23 ਜਦੋਂ ਸਿਪਾਹੀਆਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਕੱਪੜੇ ਰੱਖ ਕੇ ਅਤੇ ਉਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਦੂਜੇ ਸਿਰੇ ਇੱਕੋ ਹੀ ਟੁੱਕੜੇ ਦਾ ਬਣਿਆ ਹੋਇਆ ਸੀ।
24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾ ਕੇ ਵੇਖ ਲੈਂਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪਵਿੱਤਰ ਗ੍ਰੰਥ ਦਾ ਬਚਨ ਪੂਰਾ ਹੋ ਸਕੇ। “ਉਨ੍ਹਾਂ ਮੇਰੇ ਕੱਪੜੇ ਵੀ ਆਪਸ ਵਿੱਚ ਵੰਡ ਲਏ ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ।” ਤਦ ਸਿਪਾਹੀ ਨੇ ਇਹ ਕੀਤਾ।
25 ਯਿਸੂ ਦੀ ਮਾਤਾ ਉਸ ਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖੜ੍ਹੀਆਂ ਸਨ।
26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ ਅਤੇ ਜਿਸ ਚੇਲੇ ਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ! ਇਹ ਰਿਹਾ ਤੇਰਾ ਪੁੱਤਰ।”
27 ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ।” ਤਾਂ ਇਸ ਤੋਂ ਬਾਅਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਲੈ ਗਿਆ।
28 ਯਿਸੂ ਜਾਣਦਾ ਸੀ ਕਿ ਸਭ ਕੁਝ ਪੂਰਾ ਹੋ ਚੁੱਕਿਆ ਹੈ। ਇਸ ਲਈ ਪਵਿੱਤਰ ਗ੍ਰੰਥ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ।”
29 ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਜ਼ੂਫੇ ਨੂੰ ਗਿੱਲਾ ਕੀਤਾ ਅਤੇ ਉਸ ਸਪੰਜ ਨੂੰ ਟਹਿਣੀ ਨਾਲ ਬੰਨ੍ਹ ਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਕੀਤਾ।
30 ਜਦ ਯਿਸੂ ਨੇ ਸਿਰਕੇ ਦਾ ਸਵਾਦ ਲਿਆ, ਉਸ ਨੇ ਆਖਿਆ, “ਪੂਰਾ ਹੋਇਆ ਹੈ।” ਤਦ ਯਿਸੂ ਨੇ ਆਪਣਾ ਸਿਰ ਝੁਕਾਇਆ ਅਤੇ ਜਾਨ ਦੇ ਦਿੱਤੀ।
31 ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ। ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲਾਸ਼ਾਂ ਸਲੀਬ ਤੇ ਟੰਗੀਆਂ ਰਹਿਣ। ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਸੀ। ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲਾਸ਼ਾਂ ਨੂੰ ਉਤਾਰਿਆ ਜਾ ਸਕੇ।
32 ਤਦ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸੀ।
33 ਪਰ ਜਦੋਂ ਉਹ ਯਿਸੂ ਕੋਲ ਆਏ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਾ ਤੋੜੀਆਂ।
34 ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਬਰਛਾ ਮਾਰ ਕੇ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ, ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਨਿੱਕਲਿਆ।
ਯੂਹੰਨਾ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ