Text copied!
Bibles in Panjabi

ਯਹੋਸ਼ੁ 10:16-33 in Panjabi

Help us?

ਯਹੋਸ਼ੁ 10:16-33 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਪਰ ਇਹ ਪੰਜ ਰਾਜੇ ਨੱਸ ਗਏ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਜਾ ਲੁਕੇ।
17 ਤਾਂ ਯਹੋਸ਼ੁਆ ਨੂੰ ਦੱਸਿਆ ਗਿਆ ਕਿ ਉਹ ਪੰਜ ਰਾਜੇ ਲੱਭ ਗਏ ਹਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ।
18 ਤਾਂ ਯਹੋਸ਼ੁਆ ਨੇ ਆਖਿਆ ਕਿ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿਓ ਅਤੇ ਉਹਨਾਂ ਦੀ ਰਾਖੀ ਲਈ ਮਨੁੱਖ ਉਹ ਦੇ ਕੋਲ ਖੜ੍ਹਾ ਕਰ ਦਿਓ।
19 ਪਰ ਤੁਸੀਂ ਨਾ ਖੜ੍ਹੇ ਹੋਇਓ, ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਮਾਰੋ। ਉਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਵੜਨ ਨਾ ਦਿਓ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ।
20 ਇਸ ਤਰ੍ਹਾਂ ਹੋਇਆ ਕਿ ਜਦ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਸਨ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਜਾ ਵੜੇ।
21 ਸਾਰੇ ਲੋਕ ਯਹੋਸ਼ੁਆ ਕੋਲ ਮੱਕੇਦਾਹ ਦੇ ਡੇਰੇ ਨੂੰ ਸੁਲਾਹ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲ੍ਹਿਆ।
22 ਫਿਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਮੇਰੇ ਕੋਲ ਲੈ ਆਓ।
23 ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।
24 ਫਿਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ ਸੋ ਉਹਨਾਂ ਨੇ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਗਰਦਨਾਂ ਉੱਤੇ ਰੱਖੇ।
25 ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਬਰਾਓ। ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ।
26 ਇਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੱਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ।
27 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਉੱਤੋਂ ਲਾਹ ਲਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ।
28 ਯਹੋਸ਼ੁਆ ਨੇ ਉਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਉਸ ਨੇ ਉਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ। ਉਸ ਨੇ ਕਿਸੇ ਨੂੰ ਵੀ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
29 ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਮੱਕੇਦਾਹ ਤੋਂ ਲਿਬਨਾਹ ਨੂੰ ਗਏ ਅਤੇ ਲਿਬਨਾਹ ਨਾਲ ਯੁੱਧ ਕੀਤਾ।
30 ਅਤੇ ਯਹੋਵਾਹ ਨੇ ਉਸ ਨੂੰ ਵੀ ਅਤੇ ਉਸ ਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਉਸ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਉਹ ਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
31 ਤਾਂ ਯਹੋਸ਼ੁਆ ਅਤੇ ਉਹ ਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸ ਦੇ ਸਾਹਮਣੇ ਡੇਰੇ ਲਾ ਕੇ ਉਸ ਦੇ ਨਾਲ ਯੁੱਧ ਕੀਤਾ।
32 ਤਾਂ ਯਹੋਵਾਹ ਨੇ ਲਾਕੀਸ਼ ਸ਼ਹਿਰ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਦੂਜੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਸ ਨੂੰ ਅਤੇ ਉਸ ਦੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹ ਨੇ ਲਿਬਨਾਹ ਨਾਲ ਕੀਤਾ ਸੀ।
33 ਤਦ ਗਜ਼ਰ ਸ਼ਹਿਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ।
ਯਹੋਸ਼ੁ 10 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ