5 ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, ਸੱਤ।
6 ਫੇਰ ਉਸ ਨੇ ਲੋਕਾਂ ਨੂੰ ਆਗਿਆ ਦਿੱਤੀ ਕਿ ਉਹ ਹੇਠਾਂ ਬੈਠ ਜਾਣ, ਤਾਂ ਉਸ ਨੇ ਉਹ ਸੱਤ ਰੋਟੀਆਂ ਲਈਆਂ ਅਤੇ ਧੰਨਵਾਦ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਅੱਗੇ ਰੱਖਣ ਸੋ ਉਨ੍ਹਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ।
7 ਉਨ੍ਹਾਂ ਦੇ ਕੋਲ ਥੋੜੀਆਂ ਜਿਹੀਆਂ ਛੋਟੀਆਂ ਮੱਛੀਆਂ ਵੀ ਸਨ, ਸੋ ਉਸ ਨੇ ਉਨ੍ਹਾਂ ਉੱਤੇ ਬਰਕਤ ਦੇ ਕੇ ਕਿਹਾ, ਇਹ ਵੀ ਉਨ੍ਹਾਂ ਦੇ ਅੱਗੇ ਰੱਖੋ।
8 ਉਹ ਖਾ ਕੇ ਰੱਜ ਗਏ ਅਤੇ ਬਚਿਆਂ ਹੋਇਆਂ ਟੁੱਕੜਿਆਂ ਦੇ ਉਨ੍ਹਾਂ ਨੇ ਸੱਤ ਟੋਕਰੇ ਭਰ ਕੇ ਚੁੱਕੇ।
9 ਅਤੇ ਲੋਕ ਲੱਗਭਗ ਚਾਰ ਹਜ਼ਾਰ ਸਨ, ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ।
10 ਅਤੇ ਉਸੇ ਵੇਲੇ ਉਹ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।
11 ਤਦ ਫ਼ਰੀਸੀ ਨਿੱਕਲੇ ਅਤੇ ਉਸ ਦੇ ਪਰਤਾਉਣ ਲਈ ਸਵਰਗ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਵਾਦ-ਵਿਵਾਦ ਕਰਨ ਲੱਗੇ।
12 ਅਤੇ ਉਸ ਨੇ ਆਪਣੇ ਆਤਮਾ ਵਿੱਚ ਹਾਉਂਕਾ ਭਰ ਕੇ ਕਿਹਾ, ਇਸ ਪੀੜ੍ਹੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ।
13 ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਉੱਤੇ ਚੜੇ ਅਤੇ ਪਾਰ ਚਲੇ ਗਏ।
14 ਉਹ ਰੋਟੀ ਲੈਣੀ ਭੁੱਲ ਗਏ ਸਨ ਅਤੇ ਬੇੜੀ ਵਿੱਚ ਉਨ੍ਹਾਂ ਕੋਲ ਇੱਕੋ ਹੀ ਰੋਟੀ ਸੀ, ਬਿਨ੍ਹਾਂ ਇਸ ਦੇ ਉਨ੍ਹਾਂ ਕੋਲ ਹੋਰ ਕੁਝ ਵੀ ਨਾ ਸੀ।
15 ਉਸ ਨੇ ਉਨ੍ਹਾਂ ਨੂੰ ਚਿਤਾਵਨੀ ਨਾਲ ਆਖਿਆ ਕਿ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ!
16 ਤਦ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਸਾਡੇ ਕੋਲ ਰੋਟੀ ਨਹੀਂ ਹੈ।
17 ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ? ਕੀ ਤੁਹਾਡਾ ਮਨ ਕਠੋਰ ਹੋ ਗਿਆ ਹੈ?