19 ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ।
20 ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ।
21 ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ।
22 ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ।
23 ਅਤੇ ਉਹ ਦੇ ਅੱਗੇ ਸਹੁੰ ਖਾਧੀ ਕਿ ਜੋ ਕੁਝ ਤੂੰ ਮੇਰੇ ਕੋਲੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੱਕ ਵੀ ਤੈਨੂੰ ਦਿਆਂਗਾ।
24 ਤਦ ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ!
25 ਤਦ ਉਹ ਫੁਰਤੀ ਨਾਲ ਉਸੇ ਸਮੇਂ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦਿਓ!
26 ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ।
27 ਤਾਂ ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਯੂਹੰਨਾ ਦਾ ਸਿਰ ਲਿਆਏ। ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ।
28 ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਤੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦੇ ਦਿੱਤਾ।
29 ਅਤੇ ਉਹ ਦੇ ਚੇਲੇ ਇਹ ਸੁਣ ਕੇ ਆਏ ਅਤੇ ਉਹ ਦੀ ਲੋਥ ਨੂੰ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ।
30 ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਨ੍ਹਾਂ ਨੇ ਕੀਤਾ ਅਤੇ ਜੋ ਉਪਦੇਸ਼ ਦਿੱਤਾ ਸੀ ਸਭ ਉਸ ਨੂੰ ਦੱਸਿਆ।
31 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ; ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ।
32 ਸੋ ਉਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ।
33 ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇਕੱਠੇ ਦੌੜੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਜਾ ਪਹੁੰਚੇ।
34 ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਉਹ ਉਨ੍ਹਾਂ ਭੇਡਾਂ ਵਾਗੂੰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।
35 ਅਤੇ ਜਦੋਂ ਦਿਨ ਬਹੁਤ ਢੱਲ਼ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢੱਲ਼ ਗਿਆ।
36 ਇਨ੍ਹਾਂ ਨੂੰ ਵਿਦਿਆ ਕਰ ਤਾਂ ਜੋ ਉਹ ਆਲੇ-ਦੁਆਲੇ ਦਿਆਂ ਨਗਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਕੁਝ ਮੁੱਲ ਲੈ ਆਉਣ।
37 ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ?
38 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।
39 ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ।
40 ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ।
41 ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ।