Text copied!
Bibles in Panjabi

ਨਿਆਂਈ 20:30-44 in Panjabi

Help us?

ਨਿਆਂਈ 20:30-44 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

30 ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ।
31 ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤਏਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ।
32 ਤਾਂ ਬਿਨਯਾਮੀਨੀਆਂ ਕਹਿਣ ਲੱਗੇ, “ਪਹਿਲਾਂ ਦੀ ਤਰ੍ਹਾਂ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ,” ਪਰ ਇਸਰਾਏਲੀਆਂ ਨੇ ਕਿਹਾ, “ਆਉ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ।”
33 ਤਦ ਸਾਰੇ ਇਸਰਾਏਲੀ ਆਪੋ-ਆਪਣੀ ਥਾਂ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਆਲ-ਤਾਮਾਰ ਵਿੱਚ ਕਤਾਰ ਬੰਨ੍ਹੀ। ਉਸ ਸਮੇਂ ਉਹ ਇਸਰਾਏਲੀ ਜੋ ਘਾਤ ਵਿੱਚ ਬੈਠੇ ਹੋਏ ਸਨ, ਆਪਣੀਆਂ ਥਾਵਾਂ ਤੋਂ ਮਾਰੇ ਗਿਬਆਹ ਦੇ ਮੈਦਾਨ ਵਿੱਚ ਅਚਾਨਕ ਨਿੱਕਲ ਆਏ।
34 ਤਦ ਸਾਰੇ ਇਸਰਾਏਲ ਵਿੱਚੋਂ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆ ਪਏ ਅਤੇ ਭਿਆਨਕ ਲੜਾਈ ਹੋਣ ਲੱਗੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਿਪਤਾ ਸਾਡੇ ਉੱਤੇ ਪੈਣ ਵਾਲੀ ਹੈ।
35 ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਉਸ ਦਿਨ ਇਸਰਾਏਲੀਆਂ ਨੇ ਪੱਚੀ ਹਜ਼ਾਰ ਇੱਕ ਸੌ ਬਿਨਯਾਮੀਨੀਆਂ ਨੂੰ ਮਾਰ ਦਿੱਤਾ ਜੋ ਸਭ ਤਲਵਾਰ ਧਾਰੀ ਸਨ।
36 ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ।
37 ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
38 ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ।
39 ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂੰ ਉਹ ਸਾਡੇ ਤੋਂ ਹਾਰੇ ਜਾਂਦੇ ਹਨ।
40 ਪਰ ਜਦੋਂ ਧੂੰਏਂ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਅਕਾਸ਼ ਤੱਕ ਧੂੰਏਂ ਦਾ ਬੱਦਲ ਉੱਠ ਰਿਹਾ ਸੀ।
41 ਤਦ ਇਸਰਾਏਲ ਦੇ ਮਨੁੱਖ ਮੁੜੇ ਅਤੇ ਬਿਨਯਾਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਨ੍ਹਾਂ ਦੇ ਉੱਤੇ ਆਣ ਪਈ ਹੈ!
42 ਇਸ ਲਈ ਉਹ ਇਸਰਾਏਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾ ਕੇ ਉਜਾੜ ਵੱਲ ਭੱਜ ਗਏ ਪਰ ਉਨ੍ਹਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ, ਉਨ੍ਹਾਂ ਨੂੰ ਇਸਰਾਏਲੀ ਰਸਤੇ ਵਿੱਚ ਮਾਰਦੇ ਗਏ।
43 ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਨੁਹਾਹ ਤੋਂ ਕੀਤਾ ਅਤੇ ਗਿਬਆਹ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਨ੍ਹਾਂ ਨੂੰ ਖਦੇੜਦੇ ਗਏ।
44 ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਪੁਰਖ ਮਾਰੇ ਗਏ। ਉਹ ਸਾਰੇ ਸੂਰਬੀਰ ਮਨੁੱਖ ਸਨ।
ਨਿਆਂਈ 20 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ