15 ਅਤੇ ਉਸੇ ਦਿਨ ਗਿਬਆਹ ਦੇ ਵਾਸੀਆਂ ਤੋਂ ਬਿਨਾਂ ਜੋ ਸੱਤ ਸੌ ਚੁਣੇ ਹੋਏ ਜੁਆਨ ਸਨ, ਦੂਸਰੇ ਸ਼ਹਿਰਾਂ ਤੋਂ ਆਏ ਹੋਏ ਬਿਨਯਾਮੀਨੀ ਤਲਵਾਰ ਧਾਰੀ ਸੂਰਮਿਆਂ ਦੀ ਗਿਣਤੀ ਛੱਬੀ ਹਜ਼ਾਰ ਸੀ।
16 ਇਨ੍ਹਾਂ ਸਾਰੇ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਇਹ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।
17 ਬਿਨਯਾਮੀਨ ਤੋਂ ਬਿਨ੍ਹਾਂ ਇਸਰਾਏਲ ਦੇ ਲੋਕ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਯੋਧਾ ਸਨ।
18 ਸਾਰੇ ਇਸਰਾਏਲੀ ਉੱਠ ਕੇ ਬੈਤਏਲ ਨੂੰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਤੋਂ ਸਲਾਹ ਮੰਗੀ, “ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲਾਂ ਕੌਣ ਜਾਵੇ?” ਯਹੋਵਾਹ ਨੇ ਕਿਹਾ, “ਪਹਿਲਾਂ ਯਹੂਦਾਹ ਜਾਵੇਗਾ।”
19 ਤਦ ਇਸਰਾਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ,
20 ਅਤੇ ਇਸਰਾਏਲੀ ਪੁਰਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲੀ ਪੁਰਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਕਤਾਰ ਬੰਨ ਕੇ ਲੜਾਈ ਦੇ ਲਈ ਆ ਕੇ ਖੜ੍ਹੇ ਹੋਏ।
21 ਤਦ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਕੇ ਉਸੇ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਮਾਰ ਕੇ ਮਿੱਟੀ ਵਿੱਚ ਰਲਾ ਦਿੱਤਾ।
22 ਫਿਰ ਵੀ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਦਿਨ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਕਤਾਰ ਬੰਨ੍ਹੀ ਸੀ, ਫਿਰ ਕਤਾਰ ਬੰਨ੍ਹੀ।
23 ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, “ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ?” ਯਹੋਵਾਹ ਨੇ ਕਿਹਾ, “ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ।”
24 ਅਗਲੇ ਦਿਨ ਇਸਰਾਏਲੀ ਬਿਨਯਾਮੀਨੀਆਂ ਨਾਲ ਲੜਨ ਲਈ ਨੇੜੇ ਗਏ।
25 ਤਦ ਅਗਲੇ ਦਿਨ ਫਿਰ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲਦੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਪੁਰਖਾਂ ਨੂੰ ਮਾਰ ਮਿੱਟੀ ਵਿੱਚ ਰਲਾ ਦਿੱਤਾ, ਇਹ ਸਭ ਤਲਵਾਰ ਧਾਰੀ ਮਨੁੱਖ ਸਨ।
26 ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠ ਕੇ ਬੈਤਏਲ ਵਿੱਚ ਆਏ ਅਤੇ ਉੱਥੇ ਯਹੋਵਾਹ ਦੇ ਸਨਮੁਖ ਬੈਠ ਕੇ ਰੋਂਦੇ ਰਹੇ, ਅਤੇ ਉਸ ਦਿਨ ਸਾਰਿਆਂ ਨੇ ਸ਼ਾਮ ਤੱਕ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ।
27 ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ।