5 ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!
6 ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ? ਦੇਵਤਿਆਂ ਦੇ ਪੁੱਤਰਾਂ ਵਿੱਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ?
7 ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ, ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ!
8 ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ,
9 ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ।
10 ਤੂੰ ਰਹਬ ਨੂੰ ਕਿਸੇ ਵੱਢੇ ਹੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!
11 ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ।
12 ਉੱਤਰ ਅਤੇ ਦੱਖਣ ਨੂੰ ਤੂੰ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ।
13 ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!