Text copied!
Bibles in Panjabi

ਜ਼ਬੂਰ 78:21-54 in Panjabi

Help us?

ਜ਼ਬੂਰ 78:21-54 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

21 ਇਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ ਕ੍ਰੋਧਵਾਨ ਹੋਇਆ, ਅਤੇ ਯਾਕੂਬ ਵਿੱਚ ਅੱਗ ਭੜਕੀ, ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ,
22 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ, ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ।
23 ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ, ਅਤੇ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ,
24 ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ, ਅਤੇ ਉਨ੍ਹਾਂ ਨੂੰ ਸਵਰਗੀ ਅੰਨ ਦਿੱਤਾ।
25 ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ, ਉਸ ਨੇ ਰੱਜਵੀਂ ਰੋਟੀ ਭੇਜੀ।
26 ਉਸ ਨੇ ਅਕਾਸ਼ ਵਿੱਚ ਪੁਰੇ ਦੀ ਹਵਾ ਵਗਾਈ, ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ,
27 ਅਤੇ ਉਨ੍ਹਾਂ ਉੱਤੇ ਧੂੜ ਵਾਂਗੂੰ ਮਹਾਂ ਪਰਸ਼ਾਦ, ਅਤੇ ਸਮੁੰਦਰ ਦੀ ਰੇਤ ਵਾਂਗੂੰ ਪੰਖੇਰੂ ਵਰ੍ਹਾਏ,
28 ਅਤੇ ਉਨ੍ਹਾਂ ਦੇ ਡੇਰੇ ਵਿੱਚ ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ-ਦੁਆਲੇ ਗਿਰਾਏ।
29 ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ, ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ।
30 ਓਹ ਆਪਣੀ ਹਿਰਸ ਤੋਂ ਹਟੇ, ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ,
31 ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਦੇ ਡਾਢੇ ਮੋਟਿਆਂ ਨੂੰ ਵੱਢ ਸੁੱਟਿਆ, ਅਤੇ ਇਸਰਾਏਲ ਦੇ ਗੱਭਰੂਆਂ ਨੂੰ ਨਿਵਾ ਲਿਆ।
32 ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ, ਅਤੇ ਉਸ ਦੇ ਅਚਰਜ਼ ਕਰਤੱਬਾਂ ਤੇ ਪਰਤੀਤ ਨਾ ਕੀਤੀ।
33 ਇਸ ਕਰਕੇ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਵਰ੍ਹੇ ਭੈਅ ਵਿੱਚ ਮੁਕਾਏ।
34 ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ, ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਭਾਲਿਆ।
35 ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ, ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ।
36 ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ-ਪੱਤੋ ਕੀਤੀ, ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ,
37 ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
38 ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।
39 ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ, ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ।
40 ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ!
41 ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42 ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ,
43 ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ, ਅਤੇ ਸੋਆਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ।
44 ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ, ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ।
45 ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ, ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ।
46 ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ, ਅਤੇ ਉਨ੍ਹਾਂ ਦੀ ਮਿਹਨਤ ਸਲਾ ਨੂੰ ਦਿੱਤੀ।
47 ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜਿਆਂ ਨਾਲ, ਅਤੇ ਉਨ੍ਹਾਂ ਦਿਆਂ ਗੁੱਲਰ ਰੁੱਖਾਂ ਨੂੰ ਵੱਡੇ-ਵੱਡੇ ਔਲਿਆਂ ਨਾਲ ਬਰਬਾਦ ਕਰ ਸੁੱਟਿਆ।
48 ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਗੜਿਆਂ ਦੇ ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ।
49 ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ ਆਪਣੇ ਕ੍ਰੋਧ ਦਾ ਡਾਢਾ ਕਹਿਰ, ਰੋਸਾ, ਗਜ਼ਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ।
50 ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ, ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ।
51 ਉਸ ਨੇ ਮਿਸਰ ਵਿੱਚ ਸਾਰੇ ਪਹਿਲੌਠੇ ਮਾਰ ਸੁੱਟੇ, ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ,
52 ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ, ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ,
53 ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ, ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ।
54 ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ, ਇਸ ਪਰਬਤ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ।
ਜ਼ਬੂਰ 78 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ