13 ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ।
14 ਮੈਨੂੰ ਚਿੱਕੜ ਵਿੱਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ!
15 ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
16 ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
17 ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇ।
18 ਮੇਰੇ ਨੇੜੇ ਆ ਅਤੇ ਮੈਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ!
19 ਮੇਰੀ ਨਿੰਦਿਆ, ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ।